- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਗਿੱਲ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ: ਐਡਵੋਕੇਟ ਮਹਿਮੀ

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ
ਸਮਾਜ-ਸੇਵੀ ਤੇ ਲੋਕ ਭਲਾਈ ਸਾਂਝਾ ਮੰਚ ਦੇ ਕੌਮੀ ਪ੍ਰਧਾਨ ਐਡਵੋਕੇਟ ਧਰਮਪਾਲ ਮਹਿਮੀ ਨੇ ਹਲਕਾ ਗਿੱਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ’ਤੇ ਚਿੰਤਾ ਪ੍ਰਗਟ ਕਰਦਿਆਂ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੀਆਂ ਸਮੱਸਿਆਵਾਂ ਦਾ ਮੁੱਢਲੇ ਆਧਾਰ ’ਤੇ ਜਾਇਜ਼ਾ ਲੈ ਕੇ ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ। ਐਡਵੋਕੇਟ ਮਹਿਮੀ ਨੇ ਕਿਹਾ ਕਿ ਹਲਕਾ ਗਿੱਲ ਦੇ ਲਾਡੋਵਾਲ ਸਮੇਤ ਹੋਰਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਪੀਣਯੋਗ ਸਾਫ਼ ਪਾਣੀ ਅਤੇ ਸਫ਼ਾਈ ਪ੍ਰਬੰਧਾਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਫ਼ ਪੀਣ ਵਾਲਾ ਪਾਣੀ ਹਰ ਨਾਗਰਿਕ ਦੀ ਮੁੱਢਲੀ ਲੋੜ ਹੈ, ਪਰ ਗੰਦੇ ਪਾਣੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਆਪਣੀ ਸਿਹਤ ਦੀ ਚਿੰਤਾ ਸਤਾ ਰਹੀ ਹੈ। ਇਸ ਲਈ ਸਬੰਧਤ ਵਿਭਾਗਾਂ ਨੂੰ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਇਲਾਕੇ ਵਿੱਚ ਸਫ਼ਾਈ ਪ੍ਰਬੰਧਾਂ ਦੀ ਘਾਟ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਗਲੀਆਂ ਅਤੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਕੂੜੇ ਦੀ ਨਿਯਮਤ ਚੁਕਾਈ ਨਾ ਹੋਣ ਅਤੇ ਸਫ਼ਾਈ ਪ੍ਰਬੰਧਾਂ ਵਿੱਚ ਕਮੀਆਂ ਕਾਰਨ ਬਦਬੂ ਫੈਲਦੀ ਹੈ, ਜਿਸ ਨਾਲ ਵਾਤਾਵਰਨ ਤੇ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਰਹਿੰਦਾ ਹੈ। ਐਡਵੋਕੇਟ ਮਹਿਮੀ ਨੇ ਕਿਹਾ ਕਿ ਵਿਕਾਸ ਦਾ ਅਸਲ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਮੰਗ ਕੀਤੀ ਕਿ ਹਲਕਾ ਗਿੱਲ ’ਚ ਸਾਫ਼ ਪਾਣੀ, ਨਿਯਮਤ ਸਫ਼ਾਈ, ਕੂੜੇ ਦੀ ਸਮੇਂ ਸਿਰ ਚੁਕਾਈ ਤੇ ਹੋਰ ਨਾਗਰਿਕ ਸਹੂਲਤਾਂ ਯਕੀਨੀ ਬਣਾਈਆਂ ਜਾਣ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।