- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲੀ ਕਲਾ ਓਹੀ ਜੋ ਸਮਾਜ ਨੂੰ ਕੋਈ ਸਾਰਥਿਕ ਸੁਨੇਹਾ ਦੇਵੇ–ਹਰਭਜਨ ਮਾਨ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਪੰਜਾਬੀ ਸਾਹਿਤ, ਸਭਿਆਚਾਰ, ਸੰਗੀਤ ਤੇ ਫਿਲਮਾਂ ਦੀ ਗੱਲ ਕਰਦਿਆਂ ਕਿਹਾ ਕਿ ਅਸਲੀ ਕਲਾ ਉਹ ਹੁੰਦੀ ਹੈ ਜੋ ਸਮਾਜ ਨੂੰ ਕੋਈ ਸਾਰਥਿਕ ਸੁਨੇਹਾ ਦੇਵੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੰਗੀਤ ਅਤੇ ਫਿਲਮਾਂ ਰਾਹੀਂ ਪੰਜਾਬੀਆਂ ਨੂੰ ਮੁਖਾਤਿਬ ਹੋ ਰਹੇ ਹਨ ਤੇ ਉਨ੍ਹਾਂ ਹਮੇਸ਼ਾਂ ਮਿਆਰੀ ਗੱਲ ਕੀਤੀ ਹੈ ਜਿਸਨੂੰ ਲੋਕਾਂ ਨੇ ਭਰਵਾਂ ਪਿਆਰ ਸਤਿਕਾਰ ਵੀ ਦਿੱਤਾ। ਮਾਨ ਨੇ ਸੋਮਵਾਰ ਨੂੰ ਲੁਧਿਆਣਾ ’ਚ ਇਹ ਪ੍ਰਗਟਾਵਾ ਮਾਲਵਾ ਰੰਗਮੰਚ ਪੰਜਾਬ ਵੱਲੋਂ ਪੰਜਾਬੀ ਫਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਦੇ ਨਿਰਦੇਸ਼ਕ ਅਨੀਤ ਸੇਖੋਂ ਅਤੇ ਹੋਰ ਕਲਾਕਾਰਾਂ ਨੂੰ ਸਨਮਾਨਿਤ ਕਰਨ ਪਿੱਛੋਂ ਗੱਲਬਾਤ ਹੋਏ ਕੀਤਾ। ਉਨ੍ਹਾਂ ਕਿਹਾ ਕਿ ਫਿਲਮਾਂ ਬਣਾਉਣ ਦਾ ਉਦੇਸ਼ ਸਿਰਫ ਪੈਸੇ ਕਮਾਉਣਾ ਨਹੀਂ ਹੁੰਦਾ ਸਗੋਂ ਲੋਕਾਂ ਦੇ ਦਿਲ ਜਿੱਤਣਾ ਹੁੰਦਾ ਹੈ। ਇਸ ਮੌਕੇ ‘ਇਹ ਦਿਨ ਰੋਜ਼ ਨੀ ਆਉਣੇ’ ਫਿਲਮ ਦੇ ਨਿਰਦੇਸ਼ਕ ਅਨੀਤ ਸੇਖੋਂ ਨੇ ਕਿਹਾ ਕਿ ਇਹ ਫਿਲਮ ਬੱਚਿਆਂ ਅਤੇ ਮਾਪਿਆਂ ਦੀ ਸਾਂਝ ਦੇ ਦੁਆਲੇ ਘੁਮਦੀ ਹੈ। ਮਾਲਵਾ ਰੰਮਗਮੰਚ ਪੰਜਾਬ ਦੇ ਸਕੱਤਰ ਪ੍ਰੋ. ਨਿਰਮਲ ਜੌੜਾ ਨੇ ਕਿਹਾ ‘ਇਹ ਦਿਨ ਰੋਜ਼ ਨੀ ਆਉਣੇ’ ਫਿਲਮ ਬਣਾਕੇ ਮਾਨ ਨੇ ਸਿੱਧ ਕੀਤਾ ਹੈ ਕਿ ਉਹ ਆਪਣੀ ਦ੍ਰਿੜਤਾ ਤੇ ਪਹਿਰਾ ਅੱਜ ਵੀ ਦੇ ਰਹੇ ਹਨ। ਜੌੜਾ ਨੇ ਕਿਹਾ ਕਿ ਇਸ ਫਿਲਮ ਨੇ ਜ਼ਿੰਦਾਦਿਲੀ ਦਾ ਹੋਕਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਕਿਰਦਾਰ ਰਾਹੀਂ ਪੰਜਾਬੀ ਫਿਲਮਾਂ ਵਿੱਚ ਆਪਣਾ ਚੰਗਾ ਸਥਾਨ ਬਣਾਇਆ ਹੈ। ਇਸ ਮੌਕੇ ਹਰਭਜਨ ਮਾਨ, ਹੀਰੋਇਨ ਹੀਰ ਅੱਛਰਾ, ਅਰੁਣਾ ਬੈਨੀਵਾਲ ਤੇ ਸੁਖਮਣੀ ਕੌਰ ਦਾ ਵੀ ਵਿਸ਼ੇਸ ਸਨਮਾਨ ਕੀਤਾ।