- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੌਸ਼ਟਿਕ ਸਬਜ਼ੀਆਂ ਲਈ ਲਾਓ ਘਰ ਦੀ ਬਗੀਚੀ-ਡਾ. ਰੂਮਾ ਦੇਵੀ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ :
ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਪੀਏਯੂ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਆਰਏਡਬਲਯੂਈ ਅਧੀਨ ਪਿੰਡ ਪੱਧਰੀ ਸਿਖਲਾਈ ਪ੍ਰੋਗਰਾਮ ਤਹਿਤ ਪਿੰਡ ਪਮਾਲੀ ਵਿਖੇ ਪੌਸ਼ਟਿਕ ਘਰੇਲੂ ਸਬਜ਼ੀ ਬਗੀਚੀ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦਾ ਮੁੱਖ ਵਿਸ਼ਾ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ 6×6 ਮੀਟਰ ਦੀ ਪੌਸ਼ਟਿਕ ਘਰੇਲੂ ਸਬਜ਼ੀ ਬਗੀਚੀ ਸੀ। ਕੈਂਪ ਦੌਰਾਨ ਪੀਏਯੂ ਤੋਂ ਡਾ. ਰੂਮਾ ਦੇਵੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਦਿਆਰਥੀਆਂ ਵੱਲੋਂ ਪਿੰਡ ਵਾਸੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਇਸ ਬਗੀਚੀ ਦੀ ਬਣਤਰ, ਸਬਜ਼ੀਆਂ ਦੀ ਬਿਜਾਈ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਕਿ ਘਰ ਵਿੱਚ ਸਬਜ਼ੀਆਂ ਉਗਾ ਕੇ ਪਰਿਵਾਰ ਲਈ ਤਾਜ਼ੀਆਂ, ਸਾਫ਼-ਸੁਥਰੀਆਂ ਤੇ ਪੌਸ਼ਟਿਕ ਸਬਜ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਵਿਦਿਆਰਥੀਆਂ ਵੱਲੋਂ ਕਿਸਾਨ ਸੰਤੋਖ ਸਿੰਘ ਦੇ ਘਰ ਵਿਖੇ ਪੌਸ਼ਟਿਕ ਘਰੇਲੂ ਸਬਜ਼ੀ ਬਗੀਚੀ ਤਿਆਰ ਕੀਤੀ ਗਈ। ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਤਾਂ ਜੋ ਉਹ ਆਪਣੇ ਘਰਾਂ ਵਿੱਚ ਵੀ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਹੋ ਸਕਣ। ਇਸ ਮੌਕੇ ਪਿੰਡ ਦੇ ਸਰਪੰਚ ਬੂਟਾ ਸਿੰਘ, ਕਿਸਾਨਾਂ ਅਤੇ ਹੋਰ ਪਿੰਡ ਵਾਸੀਆਂ ਨੇ ਭਾਗ ਲਿਆ। ਕੈਂਪ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਘਰੇਲੂ ਪੱਧਰ ’ਤੇ ਸਬਜ਼ੀਆਂ ਦੀ ਕਾਸ਼ਤ ਲਈ ਉਤਸ਼ਾਹਿਤ ਕਰਨਾ, ਪਰਿਵਾਰਕ ਪੋਸ਼ਣ ਬਾਰੇ ਜਾਗਰੂਕਤਾ ਵਧਾਉਣਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਨੂੰ ਪਿੰਡ ਵਾਸੀਆਂ ਤੱਕ ਪਹੁੰਚਾਉਣਾ ਸੀ। ਇਸ ਪ੍ਰੋਗਰਾਮ ਵਿੱਚ ਰਾਵੇ ਚਾਰ ਸੋ ਦੋ ਦੇ ਵਿਦਿਆਰਥੀਆਂ ਦੀ ਟੀਮ ਨੇ ਹਿੱਸਾ ਲਿਆ। ਟੀਮ ਦੇ ਗਰੁੱਪ ਲੀਡਰ ਅਰਮਾਨ ਸੂਦ ਸਨ। ਪ੍ਰਬੰਧਕਾਂ ਵੱਲੋਂ ਟੀਮ ਨੂੰ ਸਨਮਾਨਿਤ ਕੀਤਾ। ਟੀਮ ਦੇ ਮੈਂਬਰਾਂ ਵਿੱਚ ਅਭਿਜੋਤ ਸਿੰਘ, ਗੁਰਪ੍ਰੀਤ ਕੁਮਾਰ, ਮੰਕੀਰਤ ਬਾਜਵਾ, ਅਮ੍ਰਿਤਪਾਲ ਸਿੰਘ, ਅਰਪਿਤਾ, ਅਰਮਾਨ ਸੰਧੂ, ਗੁਰਪ੍ਰਭਵੀਰ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਰਾਜਵੀਰ ਕੌਰ, ਜਸਲੀਨ ਕੌਰ, ਪਵਨੀਤ, ਜਪਲੀਨ ਕੌਰ ਤੇ ਆਕ੍ਰਿਤੀ ਸ਼ਾਮਲ ਸਨ।