- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਨੇ ਪਿੰਡ ਗਿੱਲ ਦੇ ਘਰ-ਘਰ ਜਾ ਕੇ ਲੋਕਾਂ ਦੀ ਰਾਏ ਜਾਣੀ

ਜਸਵੀਰ ਸਿੰਘ ਗੁਰਮ,ਪੰਜਾਬੀ ਜਾਗਰਣ, ਆਲਮਗੀਰ/ਡੇਹਲੋਂ : ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਦੇ ਕੰਮਾਂ ਦਾ ਹਿਸਾਬ ਦੇਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਗਿੱਲ ਵਿਖੇ ਘਰ-ਘਰ ਪਹੁੰਚ ਕਰਕੇ ਲੋਕਾਂ ਦੀ ਰਾਏ ਜਾਣੀ ਗਈ। ਇਸ ਮੌਕੇ ਸਿਮਕ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰ ਪ੍ਰਤੀ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਨਾ ਅਤੇ ਸਰਕਾਰ ਦੀਆਂ ਕਥਿਤ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਣਾ ਹੈ। ਉਨ੍ਹਾਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਮਾਨ ਸੂਬੇ ਦੇ ਹਿੱਤਾਂ ਦੀ ਬਜਾਏ ਆਪਣੀ ਕੁਰਸੀ ਬਚਾਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਪੰਜਾਬ ਸਿਰ ਵਧ ਰਹੇ ਕਰਜ਼ੇ, ਅਮਨ-ਕਾਨੂੰਨ ਦੀ ਸਥਿਤੀ ਤੇ ਲੁੱਟ-ਖੋਹ, ਕਤਲਾਂ ਤੇ ਗੈਂਗਸਟਰਵਾਦ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਰਕਾਰ ਦੀ ਆਲੋਚਨਾ ਕੀਤੀ। ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਆਪਣੇ ਸਵਾਲਾਂ ਦੇ ਜਵਾਬ ਮੰਗ ਰਹੇ ਹਨ ਤੇ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨਾਲ ਕੀਤੇ ਜਾ ਰਹੇ ਸੰਪਰਕ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਭਾਰੀ ਬਹੁਮਤ ਹਾਸਲ ਕਰਕੇ ਸਰਕਾਰ ਬਣਾਏਗੀ ਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਹਰਪ੍ਰੀਤ ਸਿੰਘ ਸਿਮਕ ਨੇ ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਨੂੰ 13 ਅਕਤੂਬਰ ਨੂੰ ਪਿੰਡ ਡੇਲੋਂ ਵਿਖੇ ਸਥਾਨਕ ਪੈਲੇਸ ਵਿੱਚ ਹੋਣ ਵਾਲੀ ਰੈਲੀ ’ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਹਰਸ਼ਵੀਰ ਸਿੰਘ ਝੱਮਟ, ਕੇਸਰ ਸਿੰਘ ਸ਼ੰਕਰ, ਸਰਕਲ ਪ੍ਰਧਾਨ ਨਗਿੰਦਰ ਸਿੰਘ ਬਿੱਟੂ, ਸਿੰਮੀ ਗਿੱਲ, ਹਰਜੀਤ ਸਿੰਘ ਰੀਟਾ, ਗਗਨ ਗਿੱਲ, ਹਰਕੀਰਤ ਸਿੰਘ ਕਿਰਤੀ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।