ਜੀਐੱਨਪੀਐੱਸ ਦੇ ਸਾਬਕਾ ਵਿਦਿਆਰਥੀਆਂ ਨੇ ਸਾਂਝੀਆਂ ਕੀਤੀਆਂ ਯਾਦਾਂ ਜੀਐੱਨਪੀਐੱਸ ਦੇ 2005 ਬੈਚ ਦੇ ਸਾਬਕਾ ਵਿਦਿਆਰਥੀਆਂ ਨੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
Publish Date: Sun, 11 Oct 2026 09:03 PM (IST)
Updated Date: Mon, 12 Oct 2026 04:09 AM (IST)
-ਡਬਲਯੂਐੱਚਓ ਦੀ ਰਿਪੋਰਟ ਮੁਤਾਬਕ ਦੁਨੀਆ ਦਾ ਹਰ ਛੇਵਾਂ ਵਿਅਕਤੀ ਇਕੱਲੇਪਣ ਤੋਂ ਪ੍ਰਭਾਵਿਤ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਮੋਬਾਈਲਾਂ ਤੇ ਸੋਸ਼ਲ ਮੀਡੀਆ ਦੇ ਦੌਰ ’ਚ ਜਦੋਂ ਦੋਸਤੀਆਂ ਅਕਸਰ ਸਕਰੀਨ ਤੱਕ ਸੀਮਤ ਹੋ ਕੇ ਰਹਿ ਜਾਂਦੀਆਂ ਹਨ, ਅਜਿਹੇ ਸਮੇਂ ਗੁਰੂ ਨਾਨਕ ਪਬਲਿਕ ਸਕੂਲ (ਜੀਐੱਨਪੀਐੱਸ) ਦੇ 2005 ਬੈਚ ਦੇ 35 ਸਾਬਕਾ ਵਿਦਿਆਰਥੀਆਂ ਨੇ ਐਤਵਾਰ ਨੂੰ ਲੁਧਿਆਣਾ ’ਚ ਆਹਮੋ-ਸਾਹਮਣੇ ਮਿਲ ਕੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਨ੍ਹਾਂ ਵਿੱਚੋਂ ਕਈ ਜਮਾਤੀ ਅਜਿਹੇ ਵੀ ਸਨ, ਜੋ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਨਾਲ ਜੁੜੇ ਹੋਏ ਨਹੀਂ ਸਨ ਅਤੇ 21 ਸਾਲਾਂ ਬਾਅਦ ਪਹਿਲੀ ਵਾਰ ਮਿਲੇ। ਇਹ ਮਿਲਣੀ ਸਿਰਫ਼ ਪੁਰਾਣੇ ਦੋਸਤਾਂ ਦੇ ਇਕੱਠ ਤੱਕ ਸੀਮਤ ਨਹੀਂ ਰਹੀ, ਸਗੋਂ ਅਸਲ ਜ਼ਿੰਦਗੀ ਦੇ ਰਿਸ਼ਤਿਆਂ ਅਤੇ ਆਪਸੀ ਸਾਂਝ ਦੀ ਅਹਿਮੀਅਤ ਨੂੰ ਵੀ ਉਜਾਗਰ ਕਰ ਗਈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਸਮਾਜਿਕ ਸਾਂਝ ਬਾਰੇ ਕਮਿਸ਼ਨ ਦੀ 2025 ਦੀ ਰਿਪੋਰਟ ਅਨੁਸਾਰ ਦੁਨੀਆ ਵਿੱਚ ਹਰ ਛੇ ਵਿੱਚੋਂ ਇੱਕ ਵਿਅਕਤੀ ਇਕੱਲੇਪਣ ਤੋਂ ਪ੍ਰਭਾਵਿਤ ਹੈ। ਰਿਪੋਰਟ ਵਿੱਚ ਇਕੱਲੇਪਣ ਦਾ ਸਬੰਧ ਹਰ ਸਾਲ 8.71 ਲੱਖ ਤੋਂ ਵੱਧ ਮੌਤਾਂ ਨਾਲ ਵੀ ਜੋੜਿਆ ਗਿਆ ਹੈ। ਇਸੇ ਤਰ੍ਹਾਂ ਇਪਸੋਸ ਦੇ ਇਕ ਆਲਮੀ ਸਰਵੇਖਣ ਵਿੱਚ 43 ਫ਼ੀਸਦੀ ਸ਼ਹਿਰੀ ਭਾਰਤੀਆਂ ਨੇ ਜ਼ਿਆਦਾਤਰ ਸਮਾਂ ਇਕੱਲਾਪਣ ਮਹਿਸੂਸ ਕਰਨ ਦੀ ਗੱਲ ਕਹੀ। ਹਾਰਵਰਡ ’ਵਰਸਿਟੀ ਦੇ ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ‘ਸਟੱਡੀ ਆਫ਼ ਅਡਲਟ ਡਿਵੈਲਪਮੈਂਟ’ ਦਾ ਸਿੱਟਾ ਵੀ ਇਹੀ ਹੈ ਕਿ ਨਜ਼ਦੀਕੀ ਅਤੇ ਮਜ਼ਬੂਤ ਰਿਸ਼ਤੇ ਮਨੁੱਖ ਦੀ ਸਿਹਤ ਤੇ ਖ਼ੁਸ਼ੀ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸਮਾਗਮ ਸਾਬਕਾ ਵਿਦਿਆਰਥੀਆਂ ਨੇ ਆਪਣੇ ਪੱਧਰ ’ਤੇ ਕਰਵਾਇਆ। ਪਹਿਲਾਂ ਹੋਈ ਇੱਕ ਛੋਟੀ ਮਿਲਣੀ ਨੂੰ ਮਿਲੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਇਸ ਵਾਰ ਵੱਡੇ ਇਕੱਠ ਦਾ ਪ੍ਰਬੰਧ ਕੀਤਾ ਗਿਆ। ਇਸੇ ਦੌਰਾਨ ਕੈਨੇਡਾ ’ਚ ਵੱਸਦੇ ਬੈਚ ਦੇ ਵਿਦਿਆਰਥੀਆਂ ਨੇ ਵੀ ਉੱਥੇ ਅਜਿਹੀ ਹੀ ਮਿਲਣੀ ਕਰ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਹ ਸਾਰੇ ਜਮਾਤੀ 3 ਤੋਂ 18 ਸਾਲ ਦੀ ਉਮਰ ਤੱਕ ਇਕੱਠੇ ਪੜ੍ਹੇ ਸਨ। ਹੁਣ ਜ਼ਿੰਦਗੀ ਦੇ 40ਵੇਂ ਸਾਲ ਦੇ ਨੇੜੇ ਪਹੁੰਚ ਰਹੇ ਇਨ੍ਹਾਂ ਸਾਬਕਾ ਵਿਦਿਆਰਥੀਆਂ ਵਿੱਚ ਡਾਕਟਰ, ਵਕੀਲ, ਉੱਦਮੀ ਅਤੇ ਕਾਰਪੋਰੇਟ ਖੇਤਰ ਵਿੱਚ ਕੰਮ ਕਰ ਰਹੇ ਅਧਿਕਾਰੀ ਸ਼ਾਮਲ ਹਨ। ਵੱਖ-ਵੱਖ ਖੇਤਰਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਸਾਰਿਆਂ ਨੇ ਇਸ ਮਿਲਣੀ ਦੌਰਾਨ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਆਪਸੀ ਸਾਂਝ ਨੂੰ ਮੁੜ ਮਜ਼ਬੂਤ ਕਰਨ ਦਾ ਮੌਕਾ ਹਾਸਲ ਕੀਤਾ। ਸਾਬਕਾ ਵਿਦਿਆਰਥੀਆਂ ਨੇ ਇਸ ਸ਼ਾਮ ਨੂੰ ਤਣਾਅ ਅਤੇ ਮੁਕਾਬਲੇਬਾਜ਼ੀ ਤੋਂ ਦੂਰ ਇੱਕ ਸੁਖਾਵਾਂ ਸਮਾਂ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਬਚਪਨ ਤੇ ਸਕੂਲੀ ਜੀਵਨ ਤੋਂ ਜਾਣਨ ਵਾਲੇ ਦੋਸਤ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਸਹਾਰਾ ਦੇਣ ਦੇ ਨਾਲ-ਨਾਲ ਸਹੀ ਸੇਧ ਦੇਣ ਤੇ ਕਾਰੋਬਾਰੀ ਸਾਂਝ ਵਧਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ।ਉਨ੍ਹਾਂ ਅਨੁਸਾਰ ਡਿਜੀਟਲ ਮਾਧਿਅਮਾਂ ਰਾਹੀਂ ਸੰਪਰਕ ਬਣਾਈ ਰੱਖਣਾ ਆਪਣੀ ਥਾਂ ਮਹੱਤਵਪੂਰਨ ਹੈ, ਪਰ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨ ਤੇ ਇਕੱਠੇ ਸਮਾਂ ਬਿਤਾਉਣ ਦਾ ਅਨੁਭਵ ਵੱਖਰਾ ਹੁੰਦਾ ਹੈ। ਇਸ ਲਈ ਅਜਿਹੀਆਂ ਆਫ਼ਲਾਈਨ ਮਿਲਣੀਆਂ ਨਿਯਮਿਤ ਤੌਰ ’ਤੇ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਪੁਰਾਣੇ ਰਿਸ਼ਤਿਆਂ ਦੀ ਨਿੱਘ ਬਣੀ ਰਹੇ ਤੇ ਨਵੀਂ ਪੀੜ੍ਹੀ ਨੂੰ ਵੀ ਅਸਲ ਜ਼ਿੰਦਗੀ ਦੀ ਦੋਸਤੀ ਦੀ ਅਹਿਮੀਅਤ ਦਾ ਅਹਿਸਾਸ ਹੋ ਸਕੇ।