‘ਮੈਂ’ ਮਿਟਣ ਨਾਲ ਆਤਮਾ ਪਰਮਾਤਮਾ ਰੂਪੀ ਸਮੁੰਦਰ ਹੋ ਜਾਂਦੀ ਹੈ : ਸੰਤ ਅਮੀਰ ਸਿੰਘ ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ
Publish Date: Sun, 11 Oct 2026 08:58 PM (IST)
Updated Date: Mon, 12 Oct 2026 04:09 AM (IST)
20 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਿਰਜਿਤ ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਜੁੜੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਅਮੀਰ ਸਿੰਘ ਨੇ ਫ਼ਰਮਾਇਆ ਕਿ ਦੁੱਖਾਂ ਦੀ ਨਵਿਰਤੀ ਅਤੇ ਸੁੱਖ ਦੀ ਪ੍ਰਾਪਤੀ ਨਾ ਹੋਣ ਦਾ ਇੱਕ ਵੱਡਾ ਕਾਰਨ ਮਨੁੱਖ ਦਾ ਆਪਣੇ ਅਸਲ ਕੇਂਦਰ ਆਤਮਾ ਅਤੇ ਪਰਮਾਤਮਾ ਨਾਲੋਂ ਟੁੱਟੇ ਰਹਿਣਾ ਹੈ। ਆਤਮ ਤੱਤ ਅਤੇ ਪਰਮਾਤਮਾ ਤੱਤ ਨਾਲ ਜੁੜਨਾ ਹੀ ਅਸਲ ਆਨੰਦ ਅਤੇ ਅੰਮ੍ਰਿਤ ਦੀ ਪ੍ਰਾਪਤੀ ਹੈ। ਉਨ੍ਹਾਂ ਆਤਮਾ ਤੇ ਪਰਮਾਤਮਾ ਦੇ ਸਬੰਧ ਨੂੰ ਬੂੰਦ ਅਤੇ ਸਮੁੰਦਰ ਦੀ ਉਦਾਹਰਨ ਰਾਹੀਂ ਸਮਝਾਉਂਦਿਆਂ ਕਿਹਾ ਕਿ ਆਤਮਾ ਬੂੰਦ ਹੈ ਅਤੇ ਪਰਮਾਤਮਾ ਸਾਗਰ ਹੈ। ਬੂੰਦ ਆਪਣੇ ਵੱਖਰੇ ਵਜੂਦ ਨੂੰ ਕਾਇਮ ਰੱਖਦਿਆਂ ਸਮੁੰਦਰ ਨਹੀਂ ਬਣ ਸਕਦੀ। ਬੂੰਦ ਦਾ ਆਪਣੀ ਵੱਖਰੀ ਹੋਂਦ ਨਾਲ ਮੋਹ ਹੀ ਉਸ ਦੇ ਸਮੁੰਦਰ ਰੂਪ ਹੋਣ ਦੇ ਰਾਹ ਵਿੱਚ ਰੁਕਾਵਟ ਬਣਦਾ ਹੈ। ਪਰਮਾਤਮਾ ਰੂਪੀ ਸਮੁੰਦਰ ਵੱਲੋਂ ਆਪਣੇ ਵਿੱਚ ਮਿਲਾਉਣ ਲਈ ਦਰਵਾਜ਼ੇ ਬੰਦ ਨਹੀਂ ਹਨ, ਸਗੋਂ ਮਨੁੱਖ ਹੀ ਆਪਣੀ ‘ਮੈਂ’ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦਾ। ਉਨ੍ਹਾਂ ਫ਼ਰਮਾਇਆ ਕਿ ਜਦੋਂ ਮਨੁੱਖ ਅੰਦਰੋਂ ‘ਮੈਂ’ ਦਾ ਭਾਵ ਮਿਟ ਜਾਂਦਾ ਹੈ ਤਾਂ ਆਤਮਾ ਪਰਮਾਤਮਾ ਨਾਲ ਇੱਕਮਿਕਤਾ ਦਾ ਅਨੁਭਵ ਕਰਦੀ ਹੈ। ਇਹ ਹਉਮੈ ਅਤੇ ਮੈਂ-ਪੁਣੇ ਦਾ ਭਾਵ ਹੀ ਜੀਵ ਆਤਮਾ ਨੂੰ ਆਪਣੀ ਵੱਖਰੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਇਸ ਲਈ ਗੁਰਮਤਿ ਮਾਰਗ ’ਤੇ ਚੱਲਦਿਆਂ ਹਉਮੈ ਦਾ ਤਿਆਗ, ਹਲੀਮੀ, ਸਮਰਪਣ ਅਤੇ ਪਰਮਾਤਮਾ ਦੀ ਰਜ਼ਾ ਨੂੰ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ। ਸਮਾਗਮ ਦੌਰਾਨ ਸੰਤ ਅਮੀਰ ਸਿੰਘ ਨੇ ਸੰਗਤਾਂ ਅਤੇ ਗੁਰਮਤਿ ਦੇ ਖੋਜੀਆਂ ਨੂੰ ਗੁਰਮਤਿ ਮਾਰਗ ’ਤੇ ਉੱਚਾ ਆਤਮਿਕ ਸਥਾਨ ਪ੍ਰਾਪਤ ਕਰਨ, ਹਲੀਮੀ ਅਤੇ ਸਮਰਪਣ ਦੀ ਭਾਵਨਾ ਅਪਣਾਉਣ, ਚੜ੍ਹਦੀ ਕਲਾ ਵਿੱਚ ਰਹਿਣ, ਪਰਮਾਤਮਾ ਦੀ ਰਜ਼ਾ ਨੂੰ ਮੰਨਣ ਅਤੇ ਉੱਚੀ ਸੁਰਤਿ ਧਾਰਨ ਕਰਨ ਲਈ ਨਿਰੰਤਰ ਚਿੰਤਨ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਮਹਾਂਪੁਰਖਾਂ ਵੱਲੋਂ ਆਰੰਭੇ ਗਏ ਗੁਰਮਤਿ ਦੇ ਮਹਾਨ ਕਾਰਜਾਂ ਦੀ ਲੜੀ ਤਹਿਤ ਇਸ ਵਰ੍ਹੇ ਹੋਣ ਵਾਲੇ ‘ਅਦੁੱਤੀ ਗੁਰਮਤਿ ਸੰਗੀਤ ਸੰਮੇਲਨ’ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸੰਮੇਲਨ 26 ਤੋਂ 29 ਨਵੰਬਰ ਤੱਕ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਸੰਗਤਾਂ ਨੇ ਨਾਮ ਸਿਮਰਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਆਤਮਿਕ ਲਾਹਾ ਪ੍ਰਾਪਤ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।