- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਮੇਰੀ ਦੁਕਾਨ, ਮੇਰੇ ਨਾਂ’ ਨੀਤੀ ਨਾਲ ਦੁਕਾਨਦਾਰਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਿਆ-ਸਲੂਜਾ

-ਚੋਣ ਜ਼ਾਬਤੇ ਤੋਂ ਪਹਿਲਾਂ ਨੀਤੀ ਲਾਗੂ ਕਰਕੇ ਪੁਰਾਣੇ ਭਾਅ ’ਤੇ ਦੁਕਾਨਾਂ ਦੀਆਂ ਰਜਿਸਟਰੀਆਂ ਕਰਨ ਦੀ ਅਪੀਲ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਦੀ ‘ਮੇਰੀ ਦੁਕਾਨ, ਮੇਰੇ ਨਾਂ’ ਨੀਤੀ ਨਾਲ ਸੂਬੇ ਭਰ ਦੀਆਂ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਅਧੀਨ ਆਉਂਦੀਆਂ ਦੁਕਾਨਾਂ ਦੇ ਮਾਲਕੀ ਹੱਕ ਹਾਸਲ ਕਰਨ ਦੀ ਦੁਕਾਨਦਾਰਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਿਆ ਹੈ। ਇਹ ਗੱਲ ਉੱਘੇ ਸਮਾਜਿਕ ਆਗੂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਗਿੱਲ ਰੋਡ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਗਿੱਲ ਰੋਡ ਵਿਖੇ ਮੀਟਿੰਗ ਦੌਰਾਨ ਕਹੀ। ਸਲੂਜਾ ਨੇ ਕਿਹਾ ਕਿ ਪੰਜਾਬ ਭਰ ਵਿੱਚ ਬਹੁਤ ਸਾਰੇ ਦੁਕਾਨਦਾਰਾਂ ਦੀਆਂ ਦੁਕਾਨਾਂ ਸਰਕਾਰੀ ਲੀਜ਼ ਜਾਂ ਕਿਰਾਏ ’ਤੇ ਹਨ। ਇਸ ਕਾਰਨ ਉਨ੍ਹਾਂ ਨੂੰ ਹਮੇਸ਼ਾ ਇਹ ਚਿੰਤਾ ਰਹਿੰਦੀ ਸੀ ਕਿ ਭਵਿੱਖ ਵਿੱਚ ਕਿਤੇ ਉਨ੍ਹਾਂ ਨੂੰ ਦੁਕਾਨਾਂ ਖਾਲੀ ਨਾ ਕਰਨੀਆਂ ਪੈ ਜਾਣ। ਸਰਕਾਰ ਦੀ ਇਸ ਨੀਤੀ ਨਾਲ ਦੁਕਾਨਦਾਰਾਂ ਨੂੰ ਮਾਲਕੀ ਹੱਕ ਮਿਲਣ ਦੀ ਉਮੀਦ ਜਾਗੀ ਹੈ ਅਤੇ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਣ ਵੱਲ ਕਦਮ ਵਧਿਆ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੇ ਸਮੂਹ ਮੈਂਬਰਾਂ ਵੱਲੋਂ ਇਸ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਇਸ ਨੀਤੀ ਨੂੰ ਜਲਦ ਤੋਂ ਜਲਦ ਅਮਲੀ ਰੂਪ ਦਿੱਤਾ ਜਾਵੇ, ਤਾਂ ਜੋ ਦੁਕਾਨਦਾਰਾਂ ਨੂੰ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਮਾਲਕੀ ਹੱਕ ਮਿਲ ਸਕਣ। ਸਲੂਜਾ ਨੇ ਮੰਗ ਕੀਤੀ ਕਿ ਦੁਕਾਨਾਂ ਦੀਆਂ ਰਜਿਸਟਰੀਆਂ ਦੀ ਪ੍ਰਕਿਰਿਆ ਸਰਲ ਬਣਾਈ ਜਾਵੇ ਅਤੇ ਦੁਕਾਨਦਾਰਾਂ ਨੂੰ ਅਲਾਟਮੈਂਟ ਸਮੇਂ ਦੇ ਪੁਰਾਣੇ ਰੇਟਾਂ ’ਤੇ ਹੀ ਰਜਿਸਟਰੀਆਂ ਕਰਵਾਉਣ ਦੀ ਸਹੂਲਤ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਨਾਲ ਲੰਮੇ ਸਮੇਂ ਤੋਂ ਸਰਕਾਰੀ ਦੁਕਾਨਾਂ ’ਤੇ ਕਾਰੋਬਾਰ ਕਰ ਰਹੇ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਸਥਿਰਤਾ ਮਿਲੇਗੀ। ਇਸ ਮੌਕੇ ਰਾਜਿੰਦਰ ਸਿੰਘ ਡੰਗ, ਜਤਿੰਦਰ ਸਿੰਘ ਬੌਬੀ, ਦਮਨਦੀਪ ਸਿੰਘ ਸਲੂਜਾ, ਪ੍ਰਿਤਪਾਲ ਸਿੰਘ ਡੰਗ, ਹਰਮੇਸ਼ ਕੁਮਾਰ ਮੇਸ਼ੀ, ਰਾਜੀਵ ਬਾਂਸਲ ਸੀਏ, ਜਤਿੰਦਰ ਸਿੰਘ ਮੱਕੜ, ਇੰਦਰ ਸਿੰਘ ਡੰਗ, ਪ੍ਰੀਤ ਚਾਵਲਾ, ਵਿਕਰਮ ਸਰੀਨ, ਰਾਜੂ ਗਾਬਾ, ਸੁਸ਼ੀਲ ਵਿਜ, ਜਸਵਿੰਦਰ ਸਿੰਘ ਲਾਡੂ, ਗੁਰਪ੍ਰੀਤ ਸਿੰਘ ਓਬਰਾਏ, ਗੁਰਪ੍ਰੀਤ ਸਿੰਘ ਨੂਪੀ ਅਤੇ ਗੁਰਵੀਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
---