- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤਾਂ ਦੀ ਤੰਦਰੁਸਤੀ ਨਾਲ ਹੀ ਸੁਚਾਰੂ ਢੰਗ ਨਾਲ ਚੱਲ ਸਕਦੈ ਪਰਿਵਾਰ ’ਤੇ ਸਮਾਜਿਕ ਜੀਵਨ-ਡਾ.ਹੁੰਦਲ

-ਵੈਟਰਨਰੀ ’ਵਰਸਿਟੀ ਨੇ ਔਰਤਾਂ ਦੀ ਸਿਹਤ ਤੇ ਕੈਂਸਰ ਤੋਂ ਬਚਾਅ ਲਈ ਕੀਤਾ ਜਾਗਰੂਕ
1)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ` (ਵੈਟਰਨਰੀ ਯੂਨੀਵਰਸਿਟੀ ਯੂਨਿਟ) ਅਤੇ ਕੈਨ ਫਾਈਟ ਕੈਂਸਰ (ਸੀਐਫਸੀ.) ਸੁਸਾਇਟੀ ਲੁਧਿਆਣਾ ਦੇ ਸਹਿਯੋਗ ਨਾਲ ਔਰਤਾਂ ਦੀ ਸਿਹਤ ਅਤੇ ਕੈਂਸਰ ਬਾਰੇ ਜਾਗਰੂਕਤਾ ਲਈ ਇਕ ਦਿਨਾ ਪ੍ਰੋਗਰਾਮ ਤੇ ਵਿਚਾਰ-ਚਰਚਾ ਸੈਸ਼ਨ ਦਾ ਪ੍ਰਬੰਧ ਕੀਤਾ। ਇਸ ਪ੍ਰੋਗਰਾਮ ਵਿੱਚ ਲਗਭਗ 150 ਵਿਦਿਆਰਥਣਾਂ, ਮਹਿਲਾ ਅਧਿਆਪਕਾਵਾਂ ਅਤੇ ਸਟਾਫ ਮੈਂਬਰਾਂ ਨੇ ਭਾਗ ਲਿਆ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਗਿੱਲਅਤੇ ਉਨ੍ਹਾਂ ਦੀ ਧਰਮ ਪਤਨੀ ਪਵਨਜੀਤ ਕੌਰ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿ਼ਰਕਤ ਕੀਤੀ। ਡਾ. ਗਿੱਲ ਨੇ ਬਿਮਾਰੀ ਤੋਂ ਬਚਾਅ ਲਈ ਸਿਹਤ ਸੰਭਾਲ, ਕੈਂਸਰ ਬਾਰੇ ਜਾਗਰੂਕਤਾ ਅਤੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੇ ਮਹੱਤਵ `ਤੇ ਜ਼ੋਰ ਦਿੱਤਾ।
ਉਨ੍ਹਾਂ ਔਰਤਾਂ ਦੀ ਸਿਹਤ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਅਤੇ ਡਾਕਟਰੀ ਮਾਹਿਰਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਤਕਨੀਕੀ ਸੈਸ਼ਨਾਂ ਦੌਰਾਨ, ਕਲਾਉਡਨਾਈਨ ਹਸਪਤਾਲ, ਲੁਧਿਆਣਾ ਦੀ ਇਸਤਰੀ ਰੋਗ ਮਾਹਰ ਡਾ. ਕਨੂਪ੍ਰਿਆ ਜੈਨ ਨੇ "ਔਰਤਾਂ ਵਿੱਚ ਆਮ ਕੈਂਸਰ - ਰੋਕਥਾਮ ਅਤੇ ਸ਼ੁਰੂਆਤੀ ਪਛਾਣ" ਵਿਸ਼ੇ `ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਕੈਂਸਰ ਮਾਹਰ ਡਾ. ਕੁਨਾਲ ਜੈਨ ਨੇ ਰਾਹਤ-ਕੇਂਦਰੀ ਦੇਖਭਾਲ (ਪੈਲੀਏਟਿਵ ਕੇਅਰ) ਅਤੇ ਕੈਂਸਰ ਦੇ ਮਰੀਜ਼ਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਇਸਦੀ ਮਹੱਤਤਾ ਬਾਰੇ ਚਰਚਾ ਕੀਤੀ। ਸੁਸਾਇਟੀ ਦੇ ਸਕੱਤਰ ਜਗਜੀਤ ਸੂਦ ਨੇ ਸੰਸਥਾ, ਇਸ ਦੀਆਂ ਗਤੀਵਿਧੀਆਂ ਅਤੇ ਕੈਂਸਰ ਦੇ ਔਖੇ ਪੜਾਵਾਂ ਦੌਰਾਨ ਮਰੀਜ਼ਾਂ ਦੀ ਸਹਾਇਤਾ ਲਈ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਪਵਨਜੀਤ ਕੌਰ ਗਿੱਲ ਨੇ ਕੈਂਸਰ ਨਾਲ ਜੁੜੇ ਆਪਣੇ ਨਿੱਜੀ ਤਜਰਬੇ ਅਤੇ ਇਸ ਦੇ ਪ੍ਰਭਾਵਾਂ ਤੋਂ ਉਭਰਨ ਵਿੱਚ ਪਰਿਵਾਰਕ ਸਹਿਯੋਗ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਜਸਪਾਲ ਸਿੰਘ ਹੁੰਦਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਔਰਤਾਂ ਦੀ ਸਿਹਤ ਸਮਾਜ ਦਾ ਬਹੁਤ ਵਿਸ਼ੇਸ਼ ਪਹਿਲੂ ਹੈ ਕਿਉਂਕਿ ਔਰਤਾਂ ਦੀ ਤੰਦਰੁਸਤੀ ਨਾਲ ਹੀ ਪਰਿਵਾਰ ਅਤੇ ਸਮਾਜਿਕ ਜੀਵਨ ਸੁਚਾਰੂ ਢੰਗ ਨਾਲ ਚੱਲ ਸਕਦਾ ਹੈ। ਇਸ ਪ੍ਰੋਗਰਾਮ ਦਾ ਆਯੋਜਨ ਡਾ. ਵਨੀਤ ਇੰਦਰ ਕੌਰ, ਡਾ. ਨਿਧੀ ਸ਼ਰਮਾ ਅਤੇ ਡਾ. ਸਰਬਜੀਤ ਕੌਰ ਦੇ ਸਾਂਝੇ ਯਤਨਾਂ ਸਦਕਾ ਕੀਤਾ।