- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ, ਮੰਡੀਆਂ ਵਿੱਚ ਪਿਆ ਝੋਨਾ ਹੋਇਆ ਗਿੱਲਾ

ਜਸਵੀਰ ਸਿੰਘ ਗੁਰਮ,ਪੰਜਾਬੀ ਜਾਗਰਣ ਆਲਮਗੀਰ/ਡੇਹਲੋਂ
ਮੀਂਹ ਤੇ ਤੇਜ਼ ਹਵਾ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਕਿਸਾਨਾਂ ਦਾ ਪੁੱਤਾਂ ਵਾਂਗ ਪਾਲਿਆ ਝੋਨਾ ਜਾਂ ਤਾਂ ਖੇਤ ’ਚ ਢਹਿ ਗਿਆ ਹੈ ਜਾਂ ਮੰਡੀ ਵਿੱਚ ਪਾਣੀ ਨਾਲ ਗਿੱਲਾ ਹੋ ਗਿਆ ਹੈ। ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਨੂੰ ਤੁਰੰਤ ਸੌ ਫੀਸਦੀ ਮੁਆਵਜ਼ਾ ਦੇਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਮੀਂਹ ਤੋਂ ਬਾਅਦ ਇਲਾਕੇ ਦੇ ਪਿੰਡਾਂ ਕਿਲ੍ਹਾ ਰਾਏਪੁਰ, ਜੜਤੌਲੀ, ਡੇਹਲੋ, ਨਾਰੰਗਵਾਲ, ਘੁੰਗਰਾਣਾ ਦਾ ਦੌਰਾ ਕਰਨ ਉਪਰੰਤ ਕਿਲ੍ਹਾ ਰਾਏਪੁਰ ਦੀ ਦਾਣਾ ਮੰਡੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਦਫ਼ਤਰ ਸਕੱਤਰ ਨਛੱਤਰ ਸਿੰਘ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਖੇਤ ਨੂੰ ਇਕਾਈ ਮੰਨ ਕੇ ਕਿਸਾਨਾਂ ਲਈ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇ। ਕਿਸਾਨਾਂ ਨਾਲ ਹਰ ਵਾਰ ਕੋਈ ਨਾ ਕੋਈ ਕੁਦਰਤੀ ਆਫ਼ਤ ਆਉਣ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ, ਜਿਸ ਦੀ ਪੂਰਤੀ ਨਹੀ ਹੋ ਪਾਉਂਦੀ। ਇਸ ਮੀਂਹ ਹਨੇਰੀ ਨਾਲ ਕਿਸਾਨਾਂ ਦੀ ਲੇਬਰ ਵੱਧ ਜਾਵੇਗੀ ਅਤੇ ਝਾੜ ਦੇ ਘੱਟਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਆਗੂਆਂ ਨੇ ਆਖਿਆ ਵਿੱਚ ਝੋਨੇ ਵਿੱਚ ਨਮੀ 22 ਫੀਸਦੀ ਕੀਤੀ ਜਾਵੇ। ਪਹਿਲਾਂ ਹੀ ਘਾਟੇ ਵਿੱਚ ਚੱਲ ਰਹੇ ਖੇਤੀ ਧੰਦੇ ਨੂੰ ਬਚਾਉਣ ਲਈ ਸਰਕਾਰ ਕਿਸਾਨਾਂ ਦੀ ਬਾਂਹ ਫੜੇ। ਆਗੂਆਂ ਨੇ ਮੰਗ ਕੀਤੀ ਕਿ ਦਾਣਾ ਮੰਡੀਆਂ ਵਿੱਚ ਸੈਡ ਬਣਵਾਏ ਜਾਣ। ਇਸ ਮੌਕੇ ਦਾਣਾ ਮੰਡੀਆਂ ਵਿੱਚ ਕੰਮ ਕਰਦੇ ਮਜਦੂਰਾਂ, ਪੱਲੇਦਾਰਾਂ ਸੋਨੂੰ ਅਤੇ ਸ਼ੁਸ਼ੀਲ ਕੁਮਾਰ ਨੇ ਆਖਿਆ ਕਿ ਮੀਂਹ ਕਾਰਨ ਉਹਨਾਂ ਦਾ ਕੰਮ ਵੱਧ ਜਾਵੇਗਾ। ਹੁਣ ਝੋਨੇ ਵਿੱਚ ਨਮੀ ਦੀ ਮਾਤਰਾ ਵੀ ਵੱਧ ਹੋ ਜਾਵੇਗੀ ਅਤੇ ਝੋਨਾ ਸੁੱਕਣ ਵਿੱਚ ਦਿੱਕਤ ਆਵੇਗੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਪਰਮਿੰਦਰ ਸਿੰਘ, ਅਮਰੀਕ ਸਿੰਘ, ਸਵਰਨਜੀਤ ਸਿੰਘ ਜੜਤੌਲੀ, ਸੁਖਦੇਵ ਸਿੰਘ, ਸੰਦੀਪ ਸਿੰਘ, ਪਰਮਿੰਦਰ ਕੁਮਾਰ, ਤੇਲੂ ਰਾਮ ਆਦਿ ਹਾਜਰ ਸਨ।