- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਣਾ ਮੰਡੀ ’ਚ ਭਿੱਜੀ ਕਿਸਾਨਾਂ ਦੀ ਫ਼ਸਲ, ਖੁੱਲ੍ਹੇ ਅਸਮਾਨ ਹੇਠ ਪਈਆਂ ਖ਼ਰੀਦੀ ਕਣਕ ਦੀਆਂ ਬੋਰੀਆਂ ਵੀ ਹੋਈਆਂ ਗਿੱਲੀਆਂ

-ਮੌਸਮ ਦੀ ਮਾਰ; ਲਿਫ਼ਟਿੰਗ ਨਾ ਹੋਣ ਕਾਰਨ ਮੰਡੀ ’ਚ ਲੱਗੇ ਢੇਰ, ਤਰਪਾਲਾਂ ਦੀ ਘਾਟ ਨਾਲ ਵਧੀ ਮੁਸ਼ਕਲ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਐਤਵਾਰ ਸਵੇਰੇ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਨੇ ਦਾਣਾ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਸਵੇਰੇ ਅਸਮਾਨ ਵਿੱਚ ਕਾਲੀਆਂ ਘਟਾਵਾਂ ਛਾ ਜਾਣ ਤੋਂ ਬਾਅਦ ਪਏ ਤੇਜ਼ ਮੀਂਹ ਕਾਰਨ ਮੰਡੀ ਵਿੱਚ ਸੁੱਕਣ ਲਈ ਖੁੱਲ੍ਹੇ ਅਸਮਾਨ ਹੇਠ ਵਿਛਾਈ ਗਈ ਫ਼ਸਲ ਭਿੱਜ ਗਈ। ਉੱਧਰ, ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਖ਼ਰੀਦੀਆਂ ਝੋਨੇ ਦੀਆਂ ਬੋਰੀਆਂ ਵੀ ਮੀਂਹ ਦੀ ਲਪੇਟ ਵਿੱਚ ਆ ਗਈਆਂ। ਮੰਡੀ ਵਿੱਚ ਬਣੇ ਇਸ ਹਾਲਾਤ ਨੇ ਫ਼ਸਲ ਦੀ ਸੰਭਾਲ ਤੇ ਖ਼ਰੀਦ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਲੁਧਿਆਣਾ ਦੀਆਂ ਮੰਡੀਆਂ ਵਿੱਚ ਕਿਸਾਨ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਪਹੁੰਚ ਰਹੇ ਹਨ। ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਕਰਨ ਲਈ ਕਿਸਾਨਾਂ ਨੂੰ ਆਪਣੀ ਫ਼ਸਲ ਧੁੱਪ ’ਚ ਸੁਕਾਉਣੀ ਪੈਂਦੀ ਹੈ ਪਰ ਐਤਵਾਰ ਸਵੇਰੇ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਕਈ ਕਿਸਾਨਾਂ ਨੇ ਫ਼ਸਲ ਨੂੰ ਬਚਾਉਣ ਲਈ ਆੜ੍ਹਤੀਆਂ ਕੋਲੋਂ ਤਰਪਾਲਾਂ ਲੈ ਕੇ ਢੇਰੀਆਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ, ਪਰ ਤਰਪਾਲਾਂ ਦੀ ਘਾਟ ਕਾਰਨ ਕਈ ਥਾਵਾਂ ’ਤੇ ਫ਼ਸਲ ਪਾਣੀ ਨਾਲ ਭਿੱਜਦੀ ਨਜ਼ਰ ਆਈ।
-ਨਮੀ ਪੂਰੀ ਕਰਨ ਲਈ ਮੁੜ ਕਰਨੀ ਪਵੇਗੀ ਜੱਦੋਜਹਿਦ
ਜਲੰਧਰ ਬਾਈਪਾਸ ਦਾਣਾ ਮੰਡੀ ਵਿੱਚ ਪਿੰਡ ਜਮਾਲਪੁਰ ਤੋਂ ਫ਼ਸਲ ਲੈ ਕੇ ਆਏ ਕਿਸਾਨ ਲਾਰਾ ਸਿੰਘ ਨੇ ਦੱਸਿਆ ਕਿ ਉਹ ਸ਼ਨਿੱਚਰਵਾਰ ਨੂੰ ਮੰਡੀ ’ਚ ਆਪਣਾ ਝੋਨਾ ਲੈ ਕੇ ਆਏ ਸਨ। ਫ਼ਸਲ ਵਿੱਚ ਨਮੀ ਦੀ ਮਾਤਰਾ ਘਟਾਉਣ ਲਈ ਉਸ ਨੂੰ ਖੁੱਲ੍ਹੇ ਅਸਮਾਨ ਹੇਠ ਧੁੱਪ ਵਿੱਚ ਸੁੱਕਣ ਵਾਸਤੇ ਵਿਛਾਇਆ ਸੀ। ਐਤਵਾਰ ਸਵੇਰੇ ਅਚਾਨਕ ਮੀਂਹ ਪੈਣ ਕਾਰਨ ਫ਼ਸਲ ਭਿੱਜ ਗਈ। ਆੜ੍ਹਤੀ ਕੋਲੋਂ ਤਰਪਾਲਾਂ ਲੈ ਕੇ ਫ਼ਸਲ ਨੂੰ ਢੱਕਿਆ ਤਾਂ ਗਿਆ, ਪਰ ਇਸ ਨਾਲ ਸਾਰੀ ਫ਼ਸਲ ਨੂੰ ਬਚਾਉਣਾ ਮੁਸ਼ਕਲ ਹੋ ਗਿਆ। ਕਿਸਾਨ ਨੇ ਕਿਹਾ ਕਿ ਹੁਣ ਫ਼ਸਲ ਨੂੰ ਮੁੜ ਸੁਕਾਉਣਾ ਪਵੇਗਾ ਅਤੇ ਨਮੀ ਦੀ ਮਾਤਰਾ ਪੂਰੀ ਕਰਨ ਲਈ ਕਈ ਦਿਨ ਹੋਰ ਮੰਡੀ ਵਿੱਚ ਉਡੀਕ ਕਰਨੀ ਪੈ ਸਕਦੀ ਹੈ। ਇਸ ਕਾਰਨ ਕਿਸਾਨਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਬਰਬਾਦ ਹੋ ਰਹੇ ਹਨ।
-ਲਿਫ਼ਟਿੰਗ ਦੀ ਉਡੀਕ ’ਚ ਪਈਆਂ ਬੋਰੀਆਂ ਵੀ ਮੀਂਹ ਦੀ ਮਾਰ ਹੇਠ
ਮੰਡੀ ਵਿੱਚ ਸਿਰਫ਼ ਕਿਸਾਨਾਂ ਦੀਆਂ ਅਣਵਿਕੀਆਂ ਫ਼ਸਲਾਂ ਹੀ ਨਹੀਂ, ਸਗੋਂ ਪਹਿਲਾਂ ਹੀ ਖ਼ਰੀਦਿਆ ਜਾ ਚੁੱਕਿਆ ਜੋਨਾ ਵੀ ਮੀਂਹ ਦੀ ਮਾਰ ਹੇਠ ਆ ਗਿਆ। ਲਿਫ਼ਟਿੰਗ ਨਾ ਹੋਣ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਸਨ। ਮੀਂਹ ਪੈਣ ਕਾਰਨ ਇਨ੍ਹਾਂ ਬੋਰੀਆਂ ਦੇ ਭਿੱਜਣ ਨਾਲ ਫ਼ਸਲ ਦੀ ਸੰਭਾਲ ਸਬੰਧੀ ਪ੍ਰਬੰਧਾਂ ’ਤੇ ਵੀ ਸਵਾਲ ਚੁੱਕ ਰਹੇ ਹਨ। ਕਿਸਾਨਾਂ ਲਈ ਇਕ ਪਾਸੇ ਨਮੀ ਦੀ ਮਾਤਰਾ ਪੂਰੀ ਕਰਨਾ ਚੁਣੌਤੀ ਬਣਿਆ ਹੈ, ਜਦਕਿ ਦੂਜੇ ਪਾਸੇ ਖ਼ਰੀਦੀ ਗਈ ਕਣਕ ਦੀ ਸਮੇਂ ਸਿਰ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਜੇਕਰ ਮੌਸਮ ਇਸੇ ਤਰ੍ਹਾਂ ਬਦਲਦਾ ਰਿਹਾ ਤਾਂ ਫ਼ਸਲ ਦੀ ਸੰਭਾਲ ਸਬੰਧੀ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
-ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਗਿਆ ਮੀਂਹ
ਅਚਾਨਕ ਹੋਈ ਬਾਰਿਸ਼ ਨੇ ਮੰਡੀ ਵਿੱਚ ਫ਼ਸਲ ਦੀ ਸੰਭਾਲ ਲਈ ਕੀਤੇ ਪ੍ਰਬੰਧਾਂ ਦੀ ਹਕੀਕਤ ਸਾਹਮਣੇ ਲਿਆ ਦਿੱਤੀ। ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਤਰਪਾਲਾਂ ਦਾ ਸਹਾਰਾ ਲੈਣਾ ਪਿਆ, ਪਰ ਲੋੜ ਮੁਤਾਬਕ ਤਰਪਾਲਾਂ ਨਾ ਮਿਲਣ ਕਾਰਨ ਕਈ ਢੇਰੀਆਂ ਭਿੱਜ ਗਈਆਂ। ਉੱਧਰ, ਲਿਫ਼ਟਿੰਗ ਵਿੱਚ ਦੇਰੀ ਕਾਰਨ ਖ਼ਰੀਦੀ ਹੋਈ ਕਣਕ ਵੀ ਸੁਰੱਖਿਅਤ ਥਾਂ ’ਤੇ ਨਹੀਂ ਪਹੁੰਚ ਸਕੀ। ਹੁਣ ਸਵਾਲ ਇਹ ਹੈ ਕਿ ਮੌਸਮ ਦੀ ਅਚਾਨਕ ਤਬਦੀਲੀ ਦੌਰਾਨ ਕਿਸਾਨਾਂ ਦੀ ਫ਼ਸਲ ਨੂੰ ਸੁਰੱਖਿਅਤ ਰੱਖਣ ਅਤੇ ਖ਼ਰੀਦੇ ਝੋਨੇ ਦੀ ਸਮੇਂ ਸਿਰ ਲਿਫ਼ਟਿੰਗ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਵੱਲੋਂ ਕੀ ਕਦਮ ਚੁੱਕੇ ਜਾਣਗੇ। ਫ਼ਿਲਹਾਲ, ਮੀਂਹ ਪੈਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਸੁਕਾਉਣ ਲਈ ਮੁੜ ਧੁੱਪ ਨਿਕਲਣ ਦੀ ਉਡੀਕ ਕਰਨੀ ਪਵੇਗੀ।
-ਗਿੱਲੀ ਫ਼ਸਲ ਸੁੱਕਣ ’ਚ ਲੱਗਣਗੇ 3 ਤੋਂ 4 ਦਿਨ : ਪ੍ਰਧਾਨ ਮਨਜੀਤ ਢਿੱਲੋਂ
26) ਪ੍ਰਧਾਨ ਮਨਜੀਤ ਢਿੱਲੋਂ।
ਦਾਣਾ ਮੰਡੀ ਜਲੰਧਰ ਬਾਈਪਾਸ ਦੇ ਪ੍ਰਧਾਨ ਮਨਜੀਤ ਢਿੱਲੋਂ ਨੇ ਦੱਸਿਆ ਕਿ ਐਤਵਾਰ ਸਵੇਰੇ ਅਚਾਨਕ ਪਏ ਮੀਂਹ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ’ਤੇ ਕਿਸੇ ਦਾ ਜ਼ੋਰ ਨਹੀਂ ਹੈ ਤੇ ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਝੋਨੇ ਦੇ ਸੀਜ਼ਨ ਦੀ ਹਾਲੇ ਸ਼ੁਰੂਆਤ ਹੋਣ ਕਾਰਨ ਮੰਡੀ ’ਚ ਫ਼ਸਲ ਦੀ ਆਮਦ ਘੱਟ ਸੀ। ਇਸ ਦੌਰਾਨ ਆੜ੍ਹਤੀਆਂ ਵੱਲੋਂ ਤਰਪਾਲਾਂ ਆਦਿ ਨਾਲ ਫ਼ਸਲ ਨੂੰ ਢੱਕ ਦਿੱਤਾ ਗਿਆ ਸੀ, ਜਿਸ ਕਾਰਨ ਮੰਡੀ ਵਿੱਚ ਪਿਆ ਜ਼ਿਆਦਾਤਰ ਝੋਨਾ ਭਿੱਜਣ ਤੋਂ ਬਚ ਗਿਆ। ਖੇਤਾਂ ਵਿੱਚ ਖੜ੍ਹੀ ਅਤੇ ਕੱਟ ਕੇ ਰੱਖੀ ਫ਼ਸਲ ਗਿੱਲੀ ਹੋਣ ਕਾਰਨ ਅਗਲੇ ਕੁਝ ਦਿਨਾਂ ਦੌਰਾਨ ਮੰਡੀ ਵਿੱਚ ਝੋਨੇ ਦੀ ਆਮਦ ਘੱਟ ਰਹਿਣ ਦੀ ਸੰਭਾਵਨਾ ਹੈ। ਮੰਡੀ ਵਿੱਚ ਪਹਿਲਾਂ ਤੋਂ ਪਏ ਝੋਨੇ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਉਸ ਨੂੰ ਸੁੱਕਣ ਵਿੱਚ ਤਿੰਨ ਤੋਂ ਚਾਰ ਦਿਨ ਲੱਗ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਝੋਨੇ ਵਿੱਚੋਂ ਨਮੀ ਘਟਣ ਤੇ ਫ਼ਸਲ ਦੇ ਖ਼ਰੀਦ ਦੇ ਮਾਪਦੰਡਾਂ ’ਤੇ ਖਰਾ ਉਤਰਨ ਤੋਂ ਬਾਅਦ ਹੀ ਖ਼ਰੀਦ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕੇਗੀ। ਮਨਜੀਤ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਮੀਂਹ ਪੈਣ ਕਾਰਨ ਹੋਈ ਪਰੇਸ਼ਾਨੀ ਨੂੰ ਸਮਝਦੇ ਹੋਏ ਮੰਡੀ ’ਚ ਝੋਨੇ ਦੀ ਫ਼ਸਲ ਦੀ ਸੰਭਾਲ ਲਈ ਪੂਰੇ ਯਤਨ ਜਾਰੀ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਮੌਸਮ ਸਾਫ਼ ਹੋਣ ਤੋਂ ਬਾਅਦ ਮੰਡੀ ਵਿੱਚ ਝੋਨੇ ਦੀ ਆਮਦ ਤੇ ਖ਼ਰੀਦ ਦਾ ਕੰਮ ਮੁੜ ਰਫ਼ਤਾਰ ਫੜੇਗਾ।