ਮੰਗੇਤਰ ਨਾਲ ਵੀਡੀਓ ਕਾਲ ਦੌਰਾਨ ਨੌਜਵਾਨ ਨੇ ਲਿਆ ਫਾਹਾ ਮੰਗੇਤਰ ਨਾਲ ਵੈਟਸਅਪ ਚੈਟਿੰਗ ਅਤੇ ਵੀਡੀਓ ਕਾਲ ਕਰਕੇ ਲਗਾਇਆ ਫਾਹਾ
Publish Date: Fri, 09 Oct 2026 10:10 PM (IST)
Updated Date: Sat, 10 Oct 2026 04:11 AM (IST)
-ਮੰਗਣੀ ਮਗਰੋਂ ਲੜਕੀ ਨੂੰ ਕਿਸੇ ਹੋਰ ਨਾਲ ਦੇਖਣ ’ਤੇ ਹੋਇਆ ਸੀ ਵਿਵਾਦ -ਕੁੱਟਮਾਰ ਦੇ ਦੋਸ਼ਾਂ ਮਗਰੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮੰਗੇਤਰ ਤੇ ਪਰਿਵਾਰ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮੰਗੇਤਰ ਨੂੰ ਕਿਸੇ ਹੋਰ ਵਿਅਕਤੀ ਨਾਲ ਦੇਖਣ ਮਗਰੋਂ ਹੋਏ ਵਿਵਾਦ ’ਚ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪਿੰਡ ਜਸਪਾਲ ਬਾਂਗੜ ਦੇ ਰਣਜੀਤ ਕੁਮਾਰ ਦੀ ਕਰੀਬ ਦੋ ਮਹੀਨੇ ਪਹਿਲਾਂ ਸੁਨੀਤਾ ਨਾਲ ਮੰਗਣੀ ਹੋਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਮੰਗੇਤਰ ਦੇ ਘਰ ਜਾ ਕੇ ਇਤਰਾਜ਼ ਜਤਾਉਣ ’ਤੇ ਰਣਜੀਤ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸ ਨੇ ਘਰ ਪਰਤ ਕੇ ਫਾਹਾ ਲੈ ਲਿਆ। ਮੌਤ ਤੋਂ ਪਹਿਲਾਂ ਉਸ ਨੇ ਮੰਗੇਤਰ ਨਾਲ ਵਟਸਐਪ ਚੈਟਿੰਗ ਅਤੇ ਵੀਡੀਓ ਕਾਲ ਕੀਤੀ ਸੀ। ਲਕਸ਼ਮਣ ਨਗਰ, ਗਿਆਸਪੁਰਾ ਵਾਸੀ ਮ੍ਰਿਤਕ ਦੇ ਭਰਾ ਆਕਾਸ਼ ਨੇ ਪੁਲਿਸ ਨੂੰ ਦੱਸਿਆ ਕਿ ਮੰਗਣੀ ਤੋਂ ਬਾਅਦ ਰਣਜੀਤ ਅਕਸਰ ਸੁਨੀਤਾ ਨੂੰ ਮਿਲਣ ਉਸ ਦੇ ਘਰ ਜਾਂਦਾ ਸੀ। ਇਕ ਦਿਨ ਉਸ ਨੇ ਸੁਨੀਤਾ ਨੂੰ ਕਿਸੇ ਹੋਰ ਵਿਅਕਤੀ ਨਾਲ ਦੇਖ ਲਿਆ। ਇਸ ਗੱਲ ਨੂੰ ਲੈ ਕੇ ਜਦੋਂ ਉਹ ਉਸ ਦੇ ਘਰ ਗਿਆ ਤਾਂ ਕਥਿਤ ਤੌਰ ’ਤੇ ਸੁਨੀਤਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ। ਆਕਾਸ਼ ਮੁਤਾਬਕ, ਇਸ ਘਟਨਾ ਤੋਂ ਬਾਅਦ ਰਣਜੀਤ ਪਰੇਸ਼ਾਨ ਸੀ। ਘਰ ਪਰਤ ਕੇ ਉਹ ਉੱਪਰਲੀ ਮੰਜ਼ਿਲ ’ਤੇ ਬਣੇ ਕਮਰੇ ’ਚ ਚਲਾ ਗਿਆ ਅਤੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ। ਇਸ ਦੌਰਾਨ ਉਸ ਨੇ ਮੰਗੇਤਰ ਨਾਲ ਵਟਸਐਪ ’ਤੇ ਗੱਲਬਾਤ ਕੀਤੀ ਅਤੇ ਵੀਡੀਓ ਕਾਲ ਵੀ ਕੀਤੀ। ਭਰਾ ਦੇ ਦੋਸ਼ ਮੁਤਾਬਕ, ਇਸੇ ਦੌਰਾਨ ਰਣਜੀਤ ਨੇ ਚੁੰਨੀ ਨਾਲ ਫਾਹਾ ਲੈ ਲਿਆ। ਆਕਾਸ਼ ਨੇ ਦੋਸ਼ ਲਾਇਆ ਕਿ ਰਣਜੀਤ ਦੀ ਮੰਗੇਤਰ ਸੁਨੀਤਾ, ਉਸ ਦੇ ਪਿਤਾ ਅਸ਼ੋਕ, ਭਰਾ ਆਕਾਸ਼ ਅਤੇ ਮਾਂ ਮਰਾਛੀ ਇਸ ਘਟਨਾ ਲਈ ਜ਼ਿੰਮੇਵਾਰ ਹਨ। ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਪਵਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਸੁਨੀਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।