- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਮਲਟੀਪਰਪਜ਼ ਸਿਹਤ ਕਾਮਿਆਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਦਿੱਤਾ ਭਰੋਸਾ

-ਮੰਗਾਂ ਨਾ ਮੰਨੇ ਜਾਣ ’ਤੇ ਮੁਲਾਜ਼ਮਾਂ ਨੇ ਸੰਘਰਸ਼ ਵਿੱਢਣ ਦਾ ਕੀਤਾ ਐਲਾਨ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ :
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਮੇਲ ਤੇ ਫੀਮੇਲ ਕਾਡਰ ਨਾਲ ਸਬੰਧਿਤ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ 11 ਮੈਂਬਰੀ ਵਫ਼ਦ ਨੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਪੰਜਾਬ ਡਾ. ਅਦਿੱਤੀ ਸਲਾਰੀਆ ਨਾਲ ਪੈਨਲ ਮੀਟਿੰਗ ਕੀਤੀ। ਵਫ਼ਦ ਵੱਲੋਂ ਸਰਕਾਰ ਅੱਗੇ ਰੱਖੀਆਂ, ਜਿਨ੍ਹਾਂ ’ਚ ਯੂ-ਵਿਨ ਆਨਲਾਈਨ ਕੰਮ ਕਰਨ 'ਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ, ਸਫ਼ਰੀ ਭੱਤਾ, ਵਰਦੀ ਭੱਤਾ, ਡਾਈਟ ਭੱਤਾ, ਮੋਬਾਈਲ ਭੱਤਾ ਮੁਹੱਈਆ ਕਰਨਾ, ਮਲਟੀਪਰਪਜ਼ ਕਾਡਰ ਦਾ ਨਾਮ ਬਦਲਣਾ, ਸੀਨੀਆਰਤਾ ਸੂਚੀਆਂ ਜਾਰੀ ਕਰਨਾ ਤੇ ਤਰੱਕੀਆਂ ਕਰਨਾ ਸ਼ਾਮਲ ਸਨ। ਉਹਨਾਂ ਨੂੰ ਸਰਕਾਰ ਵੱਲੋਂ ਮੰਨਣ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਸਿਹਤ ਸਕੱਤਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਯੂ-ਵਿਨ ਆਨਲਾਈਨ ਲਈ ਲੈਪਟਾਪ-ਟੈਬਲੈਟ ਮੁਹੱਈਆ ਕਰਵਾਉਣ ਲਈ 16 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਈ ਗਈ ਹੈ ਜਦਕਿ ਕਾਮਿਆਂ ਦੀਆਂ ਯੋਗ ਤਰੱਕੀਆਂ ਇਸ ਸਾਲ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰ ਦਿੱਤੀਆਂ ਜਾਣਗੀਆਂ।ਸਿਹਤ ਸਕੱਤਰ ਨੇ ਦੱਸਿਆ ਕਿ ਮਲਟੀਪਰਪਜ਼ ਕਾਮਿਆਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣਗੀਆਂ। ਵਫ਼ਦ ’ਚ ਯੂਨੀਅਨ ਦੇ ਕਨਵੀਨਰ ਰਣਜੀਤ ਕੌਰ ਪਟਿਆਲਾ, ਵੀਰਪਾਲ ਕੌਰ ਲੁਧਿਆਣਾ, ਰਣਦੀਪ ਸਿੰਘ ਸ਼੍ਰੀ ਫਤਹਿਗੜ੍ਹ ਸਾਹਿਬ, ਅਵਤਾਰ ਸਿੰਘ ਗੰਢੂਆਂ, ਸਰਬਜੀਤ ਕੌਰ ਬੰਗੜ, ਦਲਜੀਤ, ਇੰਦਰਜੀਤ ਕੌਰ, ਕਵਿਤਾ ਗੁਰਦਾਸਪੁਰ, ਸ਼ਸ਼ੀ ਬਾਲਾ, ਕੁਲਵਿੰਦਰ ਸਿੰਘ, ਗੁਰਦੀਪ ਕੌਰ ਤੇ ਹੋਰ ਆਗੂ ਹਾਜ਼ਰ ਸਨ। ਮੀਟਿੰਗ ਕਰਨ ਉਪਰੰਤ ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਥੇਬੰਦੀ ਨੂੰ ਲਾਰਿਆਂ ਵਿੱਚ ਰੱਖਿਆ, ਤਾਂ ਸਿਹਤ ਕਾਮੇ ਅਗਲਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।