‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ 60 ਪਰਿਵਾਰਾਂ ਨੂੰ ਸੌਂਪੇ ਪ੍ਰਾਪਰਟੀ ਕਾਰਡ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ 60 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪੇ
Publish Date: Fri, 09 Oct 2026 08:55 PM (IST)
Updated Date: Sat, 10 Oct 2026 04:09 AM (IST)
ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਲਾਟੋ ਦਾਣਾ ਵਿਖੇ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ 60 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਨਾਲ ਜੁੜੇ ਹੱਕਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਪਣਾ ਘਰ ਸਿਰਫ਼ ਇੱਟਾਂ ਅਤੇ ਕੰਧਾਂ ਦੀ ਉਸਾਰੀ ਨਹੀਂ ਹੁੰਦਾ, ਸਗੋਂ ਇਸ ਨਾਲ ਪਰਿਵਾਰ ਦੀ ਮਿਹਨਤ, ਯਾਦਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲਾਲ ਲਕੀਰ ਅੰਦਰ ਆਪਣੇ ਘਰਾਂ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਸਬੰਧੀ ਦਸਤਾਵੇਜ਼ ਮਿਲਣ ਨਾਲ ਉਨ੍ਹਾਂ ਦੇ ਮਨ ਵਿੱਚ ਆਪਣੇ ਘਰ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਜਿਸ ਘਰ ਵਿੱਚ ਕਿਸੇ ਪਰਿਵਾਰ ਦੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਬਿਤਾਈ ਹੋਵੇ ਅਤੇ ਜਿੱਥੇ ਅੱਜ ਉਸ ਦੇ ਬੱਚੇ ਆਪਣਾ ਭਵਿੱਖ ਸਵਾਰ ਰਹੇ ਹੋਣ, ਉਸ ਘਰ ਦੀ ਮਾਲਕੀ ਦਾ ਦਸਤਾਵੇਜ਼ ਮਿਲਣਾ ਬਹੁਤ ਮਹੱਤਵ ਰੱਖਦਾ ਹੈ। ਅੱਜ ਲਾਟੋ ਦਾਣਾ ਦੇ 60 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪ ਕੇ ਉਨ੍ਹਾਂ ਦੇ ਆਪਣੇ ਘਰ ਨਾਲ ਜੁੜੇ ਭਰੋਸੇ ਅਤੇ ਸਨਮਾਨ ਨੂੰ ਹੋਰ ਮਜ਼ਬੂਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਬਾਕੀ ਲਾਭਪਾਤਰੀਆਂ ਨੂੰ ਵੀ ਜਲਦ ਪ੍ਰਾਪਰਟੀ ਕਾਰਡ ਸੌਂਪੇ ਜਾਣਗੇ। ਮੰਤਰੀ ਮੁੰਡੀਆਂ ਨੇ ਕਿਹਾ, “ਸਾਡਾ ਉਦੇਸ਼ ਹੈ ਕਿ ਹਰ ਯੋਗ ਪਰਿਵਾਰ ਨੂੰ ਆਪਣੇ ਘਰ ਦੀ ਮਾਲਕੀ ਸਬੰਧੀ ਸਪੱਸ਼ਟ ਰਿਕਾਰਡ ਮਿਲੇ ਅਤੇ ਉਹ ਆਪਣੇ ਪਰਿਵਾਰ ਦੇ ਭਵਿੱਖ ਦੀ ਯੋਜਨਾ ਹੋਰ ਭਰੋਸੇ ਨਾਲ ਬਣਾ ਸਕੇ।” ਇਸ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡ ਲਾਟੋ ਦਾਣਾ ਦੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।