- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ-‘ਉੱਤਮਤਾ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਦੀ ਸਮਰੱਥਾ ਦਾ ਲਾਭ ਉਠਾਉਣਾ’ ਵਿਸ਼ੇ ’ਤੇ ਭਾਸ਼ਣ ਕਰਵਾਇਆ

ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹੁਨਰ ਵਿਕਾਸ ਸੈੱਲ ਦੀ ਅਗਵਾਈ ਹੇਠ ‘ਉੱਤਮਤਾ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਦੀ ਸਮਰੱਥਾ ਦਾ ਲਾਭ ਲੈਣਾ’ ਵਿਸ਼ੇ ’ਤੇ ਮਹਿਮਾਨ ਭਾਸ਼ਣ ਕਰਵਾਇਆ। ਸਮਾਗਮ ’ਚ ਕੰਪਨੀ ਸਕੱਤਰ ਅਤੇ ਜੀਐਕਸ ਵੈਂਚਰਸ ਐੱਲਐੱਲਪੀ ਤੇ ਜੀਐਕਸ ਐਡਵਾਇਜ਼ਰੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਪਵਨ ਜੈਨ ਨੇ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ। ਜੈਨ ਨੇ ਵਿਦਿਆਰਥੀਆਂ ਨੂੰ ਆਪਣੀਆਂ ਨਿੱਜੀ ਤੇ ਪੇਸ਼ੇਵਰ ਯੋਗਤਾਵਾਂ ਨੂੰ ਪਛਾਣਨ ਅਤੇ ਆਪਣੀਆਂ ਸ਼ਕਤੀਆਂ ਦੀ ਸਹੀ ਢੰਗ ਨਾਲ ਵਰਤੋਂ ਕਰਨ ਲਈ ਪ੍ਰੇਰਿਆ। ਹਰ ਵਿਅਕਤੀ ’ਚ ਕੁੱਝ ਵਿਲੱਖਣ ਸਮਰੱਥਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪਛਾਣ ਕੇ ਸਹੀ ਦਿਸ਼ਾ ਵਿੱਚ ਵਰਤਣਾ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰੰਤਰ ਸਿੱਖਣ, ਆਤਮ-ਵਿਸ਼ਵਾਸ ਤੇ ਆਪਣੀ ਸਮਰੱਥਾ ਨੂੰ ਨਿਖਾਰਨ ਦੀ ਆਦਤ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਤਜਰਬਿਆਂ ਨੂੰ ਸਾਂਝਾ ਕਰਦਿਆਂ ਸਫਲਤਾ ਲਈ ਸਕਾਰਾਤਮਕ ਸੋਚ, ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਟੀਚਾ-ਅਧਾਰਿਤ ਪਹੁੰਚ ਨੂੰ ਮਹੱਤਵਪੂਰਨ ਦੱਸਿਆ। ਭਾਸ਼ਣ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਸਵਾਲ ਪੁੱਛ ਕੇ ਸਰੋਤ ਵਿਅਕਤੀ ਨਾਲ ਵਿਚਾਰ-ਵਟਾਂਦਰਾ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਮਲ ਕੁਮਾਰ ਜੈਨ (ਡਿਊਕ) ਨੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਦੇ ਨਾਲ ਹੁਨਰ ਵਿਕਾਸ ਸੈੱਲ ਵੱਲੋਂ ਕਰਵਾਏ ਗਏ। ਇਸ ਉਪਰਾਲੇ ਦੀ ਸ਼ਲਾਘਾ ਕੀਤੀ।