- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ 73 ਦੀਆਂ ਟੁੱਟੀਆਂ ਸੜਕਾਂ ’ਤੇ ਭੜਕੀ ਕੌਂਸਲਰ ਰੂਚੀ ਗੁਲਾਟੀ, ਪੱਕੇ ਧਰਨੇ ਦਾ ਐਲਾਨ

-ਕਿਹਾ, ਪੌਣੇ ਦੋ ਸਾਲ ਤੋਂ ਧਰਨੇ ਲਾਉਣ ਤੇ ਚਿੱਠੀ ਲਿਖਣ ਦੇ ਬਾਵਜੂਦ ਨਹੀਂ ਹੋਇਆ ਹੱਲ
41,42
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਵਾਰਡ ਨੰਬਰ 73 ਦੀਆਂ ਖਸਤਾ ਸੜਕਾਂ ਅਤੇ ਪੈਚਵਰਕ ਦੇ ਮਾਮਲੇ ਨੂੰ ਲੈ ਕੇ ਭਾਜਪਾ ਕੌਂਸਲਰ ਰੂਚੀ ਵਿਸ਼ਾਲ ਗੁਲਾਟੀ ਨੇ ਨਗਰ ਨਿਗਮ ਖ਼ਿਲਾਫ਼ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਮੁਲਾਕਾਤ ਕਰਕੇ ਵਾਰਡ ਦੀਆਂ ਸੜਕਾਂ ਦਾ ਪੈਚਵਰਕ ਕਰਵਾਉਣ ਦੀ ਮੰਗ ਰੱਖੀ। ਕੌਂਸਲਰ ਰੁੂਚੀ ਗੁਲਾਟੀ ਨੇ ਕਿਹਾ ਕਿ ਪਿਛਲੇ ਕਰੀਬ ਪੌਣੇ ਦੋ ਸਾਲਾਂ ਤੋਂ ਵਾਰਡ ਦੀਆਂ ਸੜਕਾਂ ਦੀ ਮੁਰੰਮਤ, ਪੈਚਵਰਕ ਅਤੇ ਹੋਰ ਵਿਕਾਸ ਕਾਰਜਾਂ ਲਈ ਲਗਾਤਾਰ ਚਿੱਠੀਆਂ ਲਿਖੀਆਂ, ਧਰਨੇ ਦਿੱਤੇ ਅਤੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਹੁਣ ਸਬਰ ਦੀ ਹੱਦ ਹੋ ਚੁੱਕੀ ਹੈ। ਜੇਕਰ ਸੜਕਾਂ ਦਾ ਪੈਚਵਰਕ ਨਾ ਕਰਵਾਇਆ ਗਿਆ ਤਾਂ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਖ਼ਿਲਾਫ਼ ਪੱਕਾ ਧਰਨਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਡ ਦੇ ਪਾਰਕਾਂ ਦੀ ਹਾਲਤ ਵੀ ਖ਼ਰਾਬ ਹੈ ਅਤੇ ਇੰਟਰਲਾਕਿੰਗ ਸਮੇਤ ਕਈ ਕੰਮ ਲੰਬੇ ਸਮੇਂ ਤੋਂ ਲਟਕ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲਰ ਬਣਨ ਤੋਂ ਬਾਅਦ ਹੁਣ ਤੱਕ ਵਾਰਡ ਨੂੰ ਕੋਈ ਨਵੀਂ ਸਟਰੀਟ ਲਾਈਟ ਵੀ ਨਹੀਂ ਮਿਲੀ। ਕੌਂਸਲਰ ਨੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਤੋਂ ਗਊਸ਼ਾਲਾ ਬੱਸ ਸਟੈਂਡ ਵਾਲੀ ਸੜਕ ਦੀ ਬਜਾਏ ਹਰਪਾਲ ਨਗਰ ਸਥਿਤ ਗੁਲਮੋਹਰ ਹੋਟਲ ਵਾਲੀ ਸੜਕ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਲੋਕਾਂ ਨੂੰ ਆਉਣ-ਜਾਣ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀ ਵੀ ਇਸ ਸੜਕ ਦੇ ਨਿਰਮਾਣ ਦੀ ਮੰਗ ਕਰ ਰਹੇ ਹਨ। ਰੂਚੀ ਗੁਲਾਟੀ ਨੇ ਕਿਹਾ ਕਿ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਸੜਕਾਂ ਦੀ ਮੁਰੰਮਤ ਹੋਣ ਤੱਕ ਉਹ ਇਸ ਮੁੱਦੇ ਨੂੰ ਲਗਾਤਾਰ ਉਠਾਉਂਦੇ ਰਹਿਣਗੇ।