- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ’ਚ ਘਰੇਲੂ ਗੈਸ ਸਿਲੰਡਰਾਂ ਦੀ ਕਥਿਤ ਵਪਾਰਕ ਵਰਤੋਂ, ਛਾਪੇਮਾਰੀ ਦੀ ਮੰਗ

25,26
ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਇੱਥੇ ਘਰੇਲੂ ਗੈਸ ਸਿਲੰਡਰਾਂ ਦੀ ਕਥਿਤ ਤੌਰ ’ਤੇ ਵਪਾਰਕ ਵਰਤੋਂ ਤੇ ਕਾਲਾਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਜਿਕ ਸੇਵੀ ਅਰਵਿੰਦ ਸ਼ਰਮਾ ਨੇ ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਅਨੁਸਾਰ ਮਾਡਲ ਟਾਊਨ, ਮਾਡਲ ਟਾਊਨ ਐਕਸਟੈਂਸ਼ਨ, ਘੁਮਾਰ ਮੰਡੀ, ਹੈਬੋਵਾਲ, ਚੌੜਾ ਬਾਜ਼ਾਰ ਸਮੇਤ ਕਈ ਇਲਾਕਿਆਂ ਵਿੱਚ ਸੜਕ ਕੰਢੇ ਖਾਣ-ਪੀਣ ਦੇ ਸਟਾਲਾਂ, ਬਰਗਰ ਸਟਾਲਾਂ, ਛੋਟੀਆਂ ਦੁਕਾਨਾਂ ਅਤੇ ਹੋਰ ਵਪਾਰਕ ਥਾਵਾਂ ’ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਆਮ ਖਪਤਕਾਰਾਂ ਨੂੰ ਸਿਲੰਡਰ ਲਈ ਬੁਕਿੰਗ, ਓਟੀਪੀ ਤੇ ਡਲਿਵਰੀ ਦੀ ਉਡੀਕ ਵਰਗੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ, ਜਦਕਿ ਕੁੱਝ ਵਪਾਰਕ ਥਾਵਾਂ ’ਤੇ ਘਰੇਲੂ ਸਿਲੰਡਰਾਂ ਦੀ ਤੇਜ਼ੀ ਨਾਲ ਖਪਤ ਕੀਤੇ ਜਾਣ ਦੇ ਦੋਸ਼ ਹਨ। ਜੇਕਰ ਘਰੇਲੂ ਵਰਤੋਂ ਲਈ ਨਿਰਧਾਰਤ ਸਿਲੰਡਰ ਵਪਾਰਕ ਕੰਮਾਂ ਵਿੱਚ ਵਰਤੇ ਜਾ ਰਹੇ ਹਨ ਤਾਂ ਇਸ ਨਾਲ ਆਮ ਖਪਤਕਾਰਾਂ ਦੀ ਸਪਲਾਈ ’ਤੇ ਵੀ ਅਸਰ ਪੈ ਸਕਦਾ ਹੈ। ਉਨ੍ਹਾਂ ਵਿਭਾਗ ਤੋਂ ਇਹ ਵੀ ਜਾਂਚ ਕਰਨ ਦੀ ਮੰਗ ਕੀਤੀ ਕਿ ਕਿਤੇ ਕਿਸੇ ਗੈਸ ਡੀਲਰ, ਕਰਮਚਾਰੀ ਜਾਂ ਹੋਰ ਵਿਅਕਤੀ ਦੀ ਮਿਲੀਭੁਗਤ ਨਾਲ ਘਰੇਲੂ ਸਿਲੰਡਰਾਂ ਦੀ ਗੈਰ-ਕਾਨੂੰਨੀ ਸਪਲਾਈ ਜਾਂ ਵਪਾਰਕ ਥਾਵਾਂ ਤੱਕ ਪਹੁੰਚ ਤਾਂ ਨਹੀਂ ਹੋ ਰਹੀ। ਸ਼ਿਕਾਇਤ ’ਚ ਸਿਲੰਡਰਾਂ ਦੀ ਸਪਲਾਈ ਤੇ ਵੰਡ ਨਾਲ ਜੁੜੇ ਰਿਕਾਰਡ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਜੋ ਪਤਾ ਲੱਗ ਸਕੇ ਕਿ ਘਰੇਲੂ ਖਪਤਕਾਰਾਂ ਲਈ ਜਾਰੀ ਕੀਤੇ ਸਿਲੰਡਰ ਕਿੱਥੇ ਅਤੇ ਕਿਵੇਂ ਵਰਤੇ ਜਾ ਰਹੇ ਹਨ। ਸ਼ਰਮਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਖਾਸ ਕਰਕੇ ਸ਼ਾਮ ਦੇ ਵਿਅਸਤ ਸਮੇਂ ਦੌਰਾਨ ਅਚਾਨਕ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਪਾਰਕ ਥਾਵਾਂ ’ਤੇ ਵਰਤੇ ਜਾ ਰਹੇ ਸਿਲੰਡਰਾਂ ਦੇ ਦਸਤਾਵੇਜ਼ ਤੇ ਸਰੋਤ ਦੀ ਜਾਂਚ ਕੀਤੀ ਜਾਵੇ ਤੇ ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।