‘ਵਿਹਾਰਕ ਡੇਅਰੀ ਫਾਰਮਿੰਗ ਵਿਸ਼ੇ’ 'ਤੇ ਸਿਖਲਾਈ ਪ੍ਰੋਗਰਾਮ ਸ਼ੁਰੂ ‘ਵਿਹਾਰਕ ਡੇਅਰੀ ਫਾਰਮਿੰਗ ਵਿਸ਼ੇ’ 'ਤੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ
Publish Date: Thu, 08 Oct 2026 06:41 PM (IST)
Updated Date: Fri, 09 Oct 2026 04:06 AM (IST)
-ਵੱਖ-ਵੱਖ ਸੂਬਿਆਂ ਦੇ 20 ਵੈਟਰਨਰੀ ਪਸਾਰ ਕਰਮਚਾਰੀ ਹੋਣਗੇ ਸ਼ਾਮਲ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਦੁੱਧ ਉਤਪਾਦਕ ਸੰਸਥਾਵਾਂ ਨਾਲ ਜੁੜੇ ਵੈਟਰਨਰੀ ਪਸਾਰ ਕਰਮਚਾਰੀਆਂ ਲਈ ‘ਵਿਹਾਰਕ ਡੇਅਰੀ ਫਾਰਮਿੰਗ ਵਿਸ਼ੇ’ ਤੇ ਦੋ ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ। ਇਸ ਸਿਖਲਾਈ ਵਿੱਚ 9 ਵੱਖ-ਵੱਖ ਸੂਬਿਆਂ ਦੇ ਕੁੱਲ 20 ਵੈਟਰਨਰੀ ਪਸਾਰ ਕਰਮਚਾਰੀ ਹਿੱਸਾ ਲੈ ਰਹੇ ਹਨ। ਇਹ ਸਿਖਲਾਈ ਸਮਾਗਮ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਅਤੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਡੇਅਰੀ ਸੇਵਾਵਾਂ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਜਾ ਰਿਹਾ ਹੈ। ਵਾਈਸ ਚਾਂਸਲਰ ਡਾ ਜਤਿੰਦਰ ਪਾਲ ਸਿੰਘ ਗਿੱਲ ਨੇ ਦੋਵੇਂ ਅਦਾਰਿਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਦੇਸ਼ ਦੀਆਂ ਮੋਹਰੀ ਵੈਟਰਨਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਮਿਆਰੀ ਸਿੱਖਿਆ ਤੇ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਨਾਮਵਰ ਸੰਸਥਾ ਹੈ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਕਿਸਾਨ ਦੁੱਧ ਉਤਪਾਦਨ ਤੇ ਉੱਚ ਤਕਨੀਕ ਅਪਣਾਉਣ ਦੇ ਮਾਮਲੇ ਵਿੱਚ ਹੋਰ ਰਾਜਾਂ ਲਈ ਮਿਸਾਲ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਸਫਲ ਮਾਡਲ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਲੋੜ ਹੈ। ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਪੀਆਈਬੀ ਮੁਖੀ ਡਾ. ਵੀਨੂ ਸੋਢੀ ਨੇ ਯੂਨੀਵਰਸਿਟੀ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਮੁਕਾਬਲੇਬਾਜ਼ਾਂ ਨੂੰ ਆਪਸੀ ਗੱਲਬਾਤ, ਸਵਾਲ-ਜਵਾਬ ਅਤੇ ਤਜਰਬੇ ਸਾਂਝੇ ਕਰਦਿਆਂ ਡੂੰਘਾਈ ਨਾਲ ਸਿੱਖਣ ਲਈ ਉਤਸ਼ਾਹਿਤ ਕੀਤਾ। ਬਾਣੀ ਮਿਲਕ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਨਵਦੀਪ ਧਾਮ ਨੇ ਡੇਅਰੀ ਫਾਰਮਿੰਗ ਖੇਤਰ ਵਿੱਚ ਪੰਜਾਬ ਦੇ ਮੁਕਾਬਲੇ ਹੋਰ ਰਾਜਾਂ ਦੀ ਜ਼ਮੀਨੀ ਸਥਿਤੀ ਬਾਰੇ ਚਾਨਣਾ ਪਾਇਆ। ਸੀਨੀਅਰ ਮਾਹਰ ਡਾ. ਸੀਬੀ. ਸਿੰਘ ਵੀ ਇਸ ਮੌਕੇ ਮੌਜੂਦ ਸਨ। ਡਾ. ਜਸਵਿੰਦਰ ਸਿੰਘ, ਮੁਖੀ, ਵੈਟਰਨਰੀ ਪਸਾਰ ਸਿੱਖਿਆ ਵਿਭਾਗ ਅਤੇ ਕੋਰਸ ਨਿਰਦੇਸ਼ਕ ਨੇ ਦੱਸਿਆ ਕਿ ਇਹ ਸਿਖਲਾਈ ਮੁੱਖ ਤੌਰ ਤੇ ਡੇਅਰੀ ਫਾਰਮਿੰਗ ਦੇ ਵਿਹਾਰਕ ਪਹਿਲੂਆਂ ਤੇ ਕੇਂਦਰਿਤ ਹੋਵੇਗੀ।