- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਸੇਵਾ ਮੁਕਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਯੂਨੀਵਰਸਿਟੀ ਦੀਆਂ ਸੇਵਾਵਾਂ ਤੋਂ ਮੁਕਤ ਹੋ ਗਏ। ਇਸ ਸੰਬੰਧੀ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿਖੇ ਹੋਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਉਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਸਮਾਗਮ ’ਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ, ਖੇਤੀਬਾੜੀ ਤੇ ਬਾਗਬਾਨੀ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਤੋਂ ਇਲਾਵਾ ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਕਰਮਚਾਰੀ ਤੇ ਕੇਵੀਕੇ, ਕਿਸਾਨ ਸਲਾਹ ਸੇਵਾ ਕੇਂਦਰਾਂ ਦੇ ਅਧਿਕਾਰੀ ਹਾਜ਼ਰ ਸਨ।
ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਡਾ. ਢਿੱਲੋਂ ਨੂੰ ਖੋਜੀ ਅਤੇ ਪਸਾਰ ਅਧਿਕਾਰੀ ਵਜੋਂ ਜਾਣਿਆ ਜਾਂਦਾ ਰਹੇਗਾ। ਡਾ. ਅਜਮੇਰ ਸਿੰਘ ਢੱਟ ਨੇ ਉਨਾਂ ਵੱਲੋਂ ਗਾਜਰਾਂ ਦੀਆਂ ਕਿਸਮਾਂ ਦੇ ਵਿਕਾਸ ਲਈ ਕੀਤੇ ਕੰਮ ਦਾ ਜ਼ਿਕਰ ਕੀਤਾ। ਡਾ. ਪ੍ਰਭਜੋਧ ਸਿੰਘ ਸੰਧੂ, ਡਾ. ਵਰਿੰਦਰ ਸਿੰਘ ਸੋਹੂ, ਡਾ. ਰਾਜੀਵ ਸਿੱਕਾ, ਡਾ. ਹਰਮੀਤ ਸਿੰਘ ਕਿੰਗਰਾ ਅਤੇ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਵੀ ਵਿਚਾਰ ਰੱਖੇ। ਡਾ. ਤਰਸੇਮ ਸਿੰਘ ਢਿੱਲੋਂ ਨੇ ਪੀਏਯੂ ਦੀ ਨੌਕਰੀ ਬਾਰੇ ਬੜੇ ਭਾਵਨਾਤਮਕ ਢੰਗ ਨਾਲ ਆਪਣੇ ਮਨ ਦੇ ਵਿਚਾਰ ਸਾਂਝੇ ਕੀਤੇ। ਡਾ. ਤਰਸੇਮ ਸਿੰਘ ਢਿੱਲੋਂ ਦੀ ਧਰਮਪਤਨੀ ਸਤਿੰਦਰ ਕੌਰ ਨੇ ਵੀ ਸੰਬੋਧਨ ਕੀਤਾ।
ਇੱਥੇ ਜ਼ਿਕਰਯੋਗ ਹੈ ਕਿ ਡਾ. ਢਿਲੋਂ ਨੇ 1992 ਵਿੱਚ ਜ਼ਿਲ੍ਹਾ ਪਸਾਰ ਮਾਹਿਰ ਵਜੋਂ ਆਪਣਾ ਕਾਰਜ ਸ਼ੁਰੂ ਕੀਤਾ ਸੀ। ਉਨ੍ਹਾਂ 10 ਸਬਜ਼ੀਆਂ ਦੀਆਂ ਕਿਸਮਾਂ ਦੇ ਵਿਕਾਸ ’ਚ ਯੋਗਦਾਨ ਪਾਇਆ, ਜਿਨ੍ਹਾਂ ਵਿੱਚੋਂ ਗਾਜਰ ਦੀਆਂ 7 ਕਿਸਮਾਂ ਪ੍ਰਮੁੱਖ ਹਨ। ਡਾ. ਢਿੱਲੋਂ ਦੀਆਂ 11 ਸਿਫ਼ਾਰਸ਼ਾਂ ਪੈਕੇਜ ਦਾ ਹਿੱਸਾ ਬਣੀਆਂ। ਨਿਰਦੇਸ਼ਕ ਬੀਜ ਦੇ ਤੌਰ ਤੇ ਉਨਾਂ ਨੇ 45 ਸਮਝੌਤੇ ਨੇਪਰੇ ਚੜ੍ਹਾਏ। ਅਕਾਦਮਿਕ ਵਿਦਵਾਨ ਵਜੋਂ 73 ਖੋਜ ਪਰਚੇ, 11 ਕਿਤਾਬਾਂ, 155 ਪਸਾਰ ਲੇਖ, 229 ਮੁੱਖ ਭਾਸ਼ਣ ਅਤੇ 124 ਰੇਡੀਓ ਟੀਵੀ ਵਾਰਤਾਵਾਂ ਉਨਾਂ ਦੇ ਨਾਂ ਹੇਠ ਦਰਜ ਹਨ, 18 ਐੱਮਐੱਸਸੀ ਤੇ ਚਾਰ ਪੀਐੱਚਡੀ ਵਿਦਿਆਰਥੀਆਂ ਦੀ ਅਗਵਾਈ ਡਾ. ਢਿੱਲੋਂ ਨੇ ਕੀਤੀ। ਇਸ ਸਮਾਗਮ ਦਾ ਸੰਚਾਲਨ ਡਾ. ਅਮਿਤ ਸਲਾਰੀਆ ਨੇ ਕੀਤਾ।