- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਸਿਹਤ ਮੰਤਰਾਲਾ ਟੀਮ ਨੇ ਡੇਂਗੂ ’ਤੇ ਮਲੇਰੀਆ ਰੋਕਥਾਮ ਕਾਰਜਾਂ ਦੀ ਕੀਤੀ ਸਮੀਖਿਆ

-ਹੌਟ-ਸਪੌਟ ਇਲਾਕਿਆਂ ਦੇ ਲੋਕਾਂ ਨਾਲ ਕੀਤੀ ਗੱਲਬਾਤ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕਰਨ ਲਈ ਕੇਂਦਰੀ ਸਿਹਤ ਮੰਤਰਾਲਾ ਤੇ ਸਟੇਟ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਨਾਲ ਸਬੰਧਿਤ ਸਿਹਤ ਅਧਿਕਾਰੀਆਂ ਦੀ ਟੀਮ ਵੱਲੋਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ। ਟੀਮ ਦੀ ਅਗਵਾਈ ਭਾਰਤ ਸਰਕਾਰ ਤੋਂ ਡਾ. ਅਮਰਜੀਤ ਕੌਰ ਨੇ ਕੀਤੀ, ਜਦਕਿ ਉਨ੍ਹਾਂ ਦੇ ਨਾਲ ਡਾ. ਅਰਸ਼ਪ੍ਰੀਤ ਕੌਰ, ਸਟੇਟ ਪ੍ਰੋਗਰਾਮ ਅਫ਼ਸਰ ਪੰਜਾਬ ਮੌਜੂਦ ਸਨ। ਦੌਰੇ ਦੌਰਾਨ ਟੀਮ ਵੱਲੋਂ ਡੇਂਗੂ ਦੇ ਚਿੰਨ੍ਹਿਤ ਹੌਟਸਪੌਟ ਇਲਾਕਿਆਂ ਪ੍ਰੇਮ ਨਗਰ ਅਤੇ ਵਿਜੈ ਨਗਰ ਵਿੱਚ ਪਹੁੰਚ ਕੇ ਜ਼ਮੀਨੀ ਪੱਧਰ ’ਤੇ ਡੇਂਗੂ ਰੋਕਥਾਮ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਨਿਰੀਖਣ ਟੀਮ ਨੇ ਇਲਾਕੇ ਦੇ ਸਥਾਨਕ ਵਸਨੀਕਾਂ ਨਾਲ ਸਿੱਧੀ ਗੱਲਬਾਤ ਕਰਕੇ ਜ਼ਮੀਨੀ ਸਥਿਤੀ, ਮੱਛਰਾਂ ਦੇ ਪ੍ਰਜਨਨ ਦੀਆਂ ਸੰਭਾਵਿਤ ਥਾਵਾਂ, ਬਚਾਅ ਸਬੰਧੀ ਉਪਰਾਲਿਆਂ, ਜਾਗਰੂਕਤਾ ਸਰਗਰਮੀਆਂ ਤੇ ਸਿਹਤ ਵਿਭਾਗ ਦੀਆਂ ਫੀਲਡ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਟੀਮ ਵੱਲੋਂ ਐਂਟੀ-ਲਾਰਵਾ ਗਤੀਵਿਧੀਆਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਮੱਛਰਾਂ ਦੇ ਪ੍ਰਜਨਨ ਵਾਲੀਆਂ ਸੰਭਾਵਿਤ ਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਮੁਲਾਂਕਣ ਕੀਤਾ ਗਿਆ।
ਦੌਰੇ ਦੌਰਾਨ ਟੀਮ ਨੇ ਐਂਟੀ-ਲਾਰਵਾ ਟੀਮਾਂ ਵੱਲੋਂ ਘਰ-ਘਰ ਜਾ ਕੇ ਕੀਤੇ ਜਾ ਰਹੇ ਸਰਵੇਖਣ, ਪਾਣੀ ਵਾਲੇ ਕੰਟੇਨਰਾਂ ਦੀ ਜਾਂਚ, ਮੱਛਰਾਂ ਦੇ ਲਾਰਵੇ ਦੀ ਪਛਾਣ ਅਤੇ ਸਰੋਤਾਂ ਨੂੰ ਖਤਮ ਕਰਨ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਡੇਂਗੂ ਅਤੇ ਮਲੇਰੀਆ ਪ੍ਰਭਾਵਿਤ ਜਾਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਲਗਾਤਾਰ ਸਰਵੇਖਣ, ਨਿਗਰਾਨੀ ਅਤੇ ਸਮੇਂ ਸਿਰ ਕਾਰਵਾਈ ਦੀ ਮਹੱਤਤਾ ’ਤੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਜ਼ਿਲ੍ਹਾ ਟੀਮ ਵਿੱਚ ਡਾ. ਸ਼ੀਤਲ ਨਾਰੰਗ ਅਤੇ ਡਾ. ਸੁਪ੍ਰੀਤ ਕੌਰ ਜ਼ਿਲ੍ਹਾ ਐਪੀਡੈਮਿਓਲੋਜਿਸਟ, ਲੁਧਿਆਣਾ, ਸਮੇਤ ਐਂਟੀ-ਲਾਰਵਾ ਟੀਮ ਦੇ ਹੋਰ ਫੀਲਡ ਸਟਾਫ਼ ਨੇ ਵਿਜ਼ਿਟਿੰਗ ਟੀਮ ਦੇ ਨਾਲ ਰਹਿ ਕੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੈਕਟਰ ਕੰਟਰੋਲ ਗਤੀਵਿਧੀਆਂ ਅਤੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਡੇਂਗੂ ਤੇ ਮਲੇਰੀਆ ਦੀ ਰੋਕਥਾਮ ’ਚ ਲੋਕਾਂ ’ਚ ਜਾਗਰੂਕਤਾ ਬਹੁਤ ਮਹੱਤਵਪੂਰਨ ਹੈ। ਉੱਚ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਖੜ੍ਹੇ ਪਾਣੀ ਦੀ ਨਿਯਮਤ ਜਾਂਚ ਕਰਨ ਅਤੇ ਮੱਛਰਾਂ ਦੇ ਪ੍ਰਜਨਨ ਲਈ ਸੰਭਾਵਿਤ ਥਾਵਾਂ ਨੂੰ ਤੁਰੰਤ ਖਾਲੀ, ਸਾਫ਼ ਜਾਂ ਖਤਮ ਕਰਨ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਸਰਵੇਖਣ, ਫੀਲਡ ਪੱਧਰ ’ਤੇ ਨਿਗਰਾਨੀ, ਮੱਛਰਾਂ ਦੇ ਪ੍ਰਜਨਨ ਸਰੋਤਾਂ ਨੂੰ ਖਤਮ ਕਰਨਾ ਤੇ ਲੋਕਾਂ ਦਾ ਸਹਿਯੋਗ ਜ਼ਿਲ੍ਹੇ ਵਿੱਚ ਵੈਕਟਰ ਬੋਰਨ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਰਣਨੀਤੀ ਦੇ ਅਹਿਮ ਹਿੱਸੇ ਹਨ।