- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜ ’ਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਬੁੱਧਵਾਰ ਨੂੰ ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਸਲਾਹ ਕੇਂਦਰ ਪੀਏਯੂ. ਵਿਖੇ ਖੋਜ ਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹ ਸੇਵਾ ਕੇਂਦਰਾਂ ਦੇ ਮਾਹਿਰਾਂ ਤੋਂ ਬਿਨਾਂ ਪੀਏਯੂ. ਦੇ ਵੱਖ-ਵੱਖ ਵਿਸ਼ਿਆਂ ਦੇ ਵਿਗਿਆਨੀਆਂ, ਖੋਜ ਅਤੇ ਪਸਾਰ ਕਰਮੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਮੌਜੂਦਾ ਫਸਲੀ ਹਾਲਾਤ ਬਾਰੇ ਚਰਚਾ ਕਰਨ ਦੇ ਨਾਲ-ਨਾਲ ਝੋਨੇ ਦੀ ਵਾਢੀ, ਵਿਕਰੀ, ਪਰਾਲੀ ਦੀ ਸੰਭਾਲ ਆਦਿ ਬਾਰੇ ਵਿਚਾਰ-ਚਰਚਾ ਹੋਈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨ ਮੇਲਿਆਂ ਨੂੰ ਸਫਲਤਾ ਨਾਲ ਕਰਨ ਵਿੱਚ ਯੂਨੀਵਰਸਿਟੀ ਦੇ ਸਮੁੱਚੇ ਕਰਮਚਾਰੀਆਂ ਤੇ ਮਾਹਿਰਾਂ ਨੇ ਡਟ ਕੇ ਕਾਰਜ ਕੀਤਾ ਹੈ। ਹੁਣ ਝੋਨੇ ਦੀ ਵਢਾਈ ਤੋਂ ਬਾਅਦ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦਾ ਸਮਾਂ ਹੈ। ਉਨਾਂ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਪਸਾਰ ਕੰਮਾਂ ਉੱਪਰ ਤਸੱਲੀ ਪ੍ਰਗਟਾਉਂਦਿਆਂ ਇਸਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਦੁਹਰਾਇਆ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਸ਼ੇਸ਼ ਤੌਰ ਤੇ ਪਰਾਲੀ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕੀਤੀਆਂ ਮਸ਼ੀਨਾਂ ਦਾ ਜ਼ਿਕਰ ਕੀਤਾ, ਨਾਲ ਹੀ ਉਨ੍ਹਾਂ ਫਸਲੀ ਵਿਭਿੰਨਤਾ ਸੰਬੰਧੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਦਾ ਦੁਹਰਾਉ ਵੀ ਕੀਤਾ। ਵੱਖ-ਵੱਖ ਮੁੱਦਿਆ ਉੱਪਰ ਮਾਹਿਰਾਂ ਨੇ ਵਿਚਾਰ-ਚਰਚਾ ਕੀਤੀ। ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਨੂੰ ਵਿਚਾਰਿਆ ਗਿਆ ਅਤੇ ਆਉਂਦੇ ਦਿਨੀਂ ਕੀਤੇ ਜਾਣ ਵਾਲੇ ਜ਼ਰੂਰੀ ਖੇਤੀ ਕੰਮਾਂ ਸੰਬੰਧੀ ਚਰਚਾ ਵੀ ਹੋਈ। ਇਸ ਮੀਟਿੰਗ ਦਾ ਸੰਚਾਲਨ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕੀਤਾ।