- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਿਆ ਜਾਵੇ-ਡਾ.ਢੱਟ

-ਸਮੁੱਚੀਆਂ ਧਿਰਾਂ ਨੇ ਪੀਏਯੂ ’ਚ ਇਕੱਤਰ ਹੋ ਕੇ ਕੀਤੀ ਵਿਚਾਰ-ਚਰਚਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
250 ਤੋਂ ਵਧੇਰੇ ਵਿਗਿਆਨੀਆਂ ਤੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਸਮੇਤ ਪੰਜਾਬ ਭਰ ਦੀਆਂ ਸਮੁੱਚੀਆਂ ਧਿਰਾਂ ਪਰਾਲੀ ਦੀ ਸੰਭਾਲ ਲਈ ਆਈਸੀਏਆਰ ਅਟਾਰੀ ਦੇ ਸਹਿਯੋਗ ਨਾਲ ਕਰਵਾਈ ਵਿਸ਼ੇਸ਼ ਗੋਸ਼ਟੀ ’ਚ ਸ਼ਾਮਲ ਹੋਈਆਂ ਤੇ ਵਿਚਾਰਾਂ ਕੀਤੀਆਂ। ਪੀਏਯੂ ਦੇ ਕਾਰਜਕਾਰੀ ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਆਈਏਐੱਸ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਝੋਨੇ ਦੀ ਵਾਢੀ ਦੇ ਅਗਾਮੀ ਸੀਜ਼ਨ ਦੌਰਾਨ ਪਰਾਲੀ ਦੀ ਸੰਭਾਲ ਸਬੰਧੀ ਗੱਲਬਾਤ ਕੀਤੀ। ਉਨਾਂ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਦੀ ਵਕਾਲਤ ਕੀਤੀ ਤੇ ਕਿਹਾ ਕਿ ਇਹ ਧਰਤੀ ਦੀ ਪੋਸ਼ਿਟਿਕਤਾ ਦੇ ਪੱਖ ਤੋਂ ਬਿਹਤਰੀਨ ਢੰਗ ਹੈ ਕਿ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਿਆ ਜਾਵੇ। ਇਸ ਨਾਲ ਜੈਵਿਕ ਮਾਦਾ ਅਤੇ ਮਿੱਟੀ ਦੇ ਹੋਰ ਜ਼ਰੂਰੀ ਤੱਤ ਵਧਦੇ ਹਨ ਤੇ ਭਵਿੱਖ ’ਚ ਸਥਿਰ ਖੇਤੀ ਲਈ ਇਹੀ ਸਭ ਤੋਂ ਉੱਤਮ ਢੰਗ ਹੈ। ਆਈਸੀਏਆਰ ਦੇ ਸਹਾਇਕ ਨਿਰਦੇਸ਼ਕ ਜਨਰਲ ਪਸਾਰ ਡਾ. ਰੰਜੇ ਕੁਮਾਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੀਏਯੂ. ਵੱਲੋਂ ਕੀਤੀਆਂ ਜਾਣ ਵਾਲੀਆਂ ਪਸਾਰ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਸਦਕਾ ਬੀਤੇ ਸਾਲਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਦਰਜ ਕੀਤੀ ਗਈ ਹੈ।
ਇਸ ਮੌਕੇ ਅਟਾਰੀ ਦੇ ਨਿਰਦੇਸ਼ਕ ਡਾ.ਪਰਵਿੰਦਰ ਸ਼ੇਰੋ ਨੇ ਖੇਤੀ ਮਸ਼ੀਨਰੀ ਅਤੇ ਕਿਸਾਨਾਂ ਦੀ ਇੱਛਾ ਸ਼ਕਤੀ ਨੂੰ ਪਰਾਲੀ ਦੀ ਸੰਭਾਲ ਲਈ ਜ਼ਰੂਰੀ ਤੱਤ ਕਿਹਾ। ਅਟਾਰੀ ਜੋਧਪੁਰ ਦੇ ਨਿਰਦੇਸ਼ਕ ਡਾ. ਜੈ ਪ੍ਰਕਾਸ਼ ਮਿਸ਼ਰਾ ਨੇ ਵੀ ਸੰਬੋਧਨ ਕੀਤਾ। ਖੁੱਲੀ ਵਿਚਾਰ ਚਰਚਾ ਦੌਰਾਨ ਮਸਲੇ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਹੋਈ। ਇਸ ਦੌਰਾਨ 2026-27 ਦਾ ਏਜੰਡਾ ਵੀ ਵਿਚਾਰਿਆ ਗਿਆ। ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਸਮਾਰੋਹ ਦਾ ਸੰਚਾਲਨ ਕੀਤਾ ਜਦਕਿ ਡਾ. ਪ੍ਰਭਜੋਧ ਸਿੰਘ ਸੰਧੂ ਵੱਲੋਂ ਸਭ ਦਾ ਧੰਨਵਾਦ ਕੀਤਾ।