- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਗਲਾਡਾ ਦੀ ਨਜ਼ਰ ਹੇਠ ਕੱਟੀ ਜਾ ਰਹੀ ਨਾਜਾਇਜ਼ ਕਲੋਨੀ

-ਦੋ ਨੋਟਿਸ ਦੇਣ ਦੇ ਬਾਵਜੂਦ ਨਹੀਂ ਰੁਕਿਆ ਕੰਮ
ਕ੍ਰਾਈਮ ਰਿਪੋਰਟਰ,ਪੰਜਾਬੀ ਜਾਗਰਣ, ਲੁਧਿਆਣਾ
ਅਣਅਧਿਕਾਰਤ ਕਲੋਨੀਆਂ ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਉਣ ਦੇ ਦਾਅਵੇ ਕਰਨ ਵਾਲੇ ਗਲਾਡਾ ਵਿਭਾਗ ਦੀ ਕਾਰਗੁਜ਼ਾਰੀ ’ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ। ਜੋਧਾ ਇਲਾਕੇ ਵਿੱਚ ਗਲਾਡਾ ਦੇ ਨੋਟਿਸਾਂ ਦੇ ਬਾਵਜੂਦ ਇੱਕ ਅਣਅਧਿਕਾਰਤ ਕਲੋਨੀ ਦਾ ਕੰਮ ਲਗਾਤਾਰ ਜਾਰੀ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਕੁੱਝ ਮਹੀਨਿਆਂ ਦੇ ਵਕਫ਼ੇ ਦੌਰਾਨ ਦੋ ਨੋਟਿਸ ਜਾਰੀ ਕਰਕੇ ਕਾਲੋਨੀ ਦਾ ਕੰਮ ਤੁਰੰਤ ਰੋਕਣ ਦੀ ਹਦਾਇਤ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਕਲੋਨਾਈਜ਼ਰ ਵੱਲੋਂ ਕੰਮ ਜਾਰੀ ਰੱਖਿਆ ਗਿਆ।
ਜਾਣਕਾਰੀ ਅਨੁਸਾਰ ਜੋਧਾ ਇਲਾਕੇ ਦੇ ਇਕ ਸ਼ਿਕਾਇਤਕਰਤਾ ਵੱਲੋਂ ਕੁੱਝ ਮਹੀਨੇ ਪਹਿਲਾਂ ਇਲਾਕੇ ਵਿੱਚ ਕੱਟੀ ਜਾ ਰਹੀ ਅਣਅਧਿਕਾਰਤ ਕਾਲੋਨੀ ਸਬੰਧੀ ਗਲਾਡਾ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗ ਵੱਲੋਂ ਮਾਮਲੇ ਦਾ ਨੋਟਿਸ ਲੈਂਦਿਆਂ ਕਲੋਨਾਈਜ਼ਰ ਨੂੰ ਨਿਯਮਾਂ ਦੀ ਉਲੰਘਣਾ ਨਾ ਕਰਨ ਅਤੇ ਕਲੋਨੀ ਦਾ ਕੰਮ ਰੋਕਣ ਦੀ ਚਿਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਵਿਭਾਗ ਵੱਲੋਂ ਦੋ ਵੱਖ-ਵੱਖ ਨੋਟਿਸ ਵੀ ਜਾਰੀ ਕੀਤੇ। ਨੋਟਿਸਾਂ ਵਿੱਚ ਸਪੱਸ਼ਟ ਤੌਰ ’ਤੇ ਕਲੋਨੀ ਦਾ ਕੰਮ ਤੁਰੰਤ ਬੰਦ ਕਰਨ ਅਤੇ ਨਿਯਮਾਂ ਅਨੁਸਾਰ ਹੀ ਕਲੋਨੀ ਵਿਕਸਤ ਕਰਨ ਦੀ ਹਦਾਇਤ ਕੀਤੀ ਗਈ ਸੀ।
ਇਸ ਦੇ ਬਾਵਜੂਦ ਮੌਕੇ ’ਤੇ ਕੰਮ ਜਾਰੀ ਰਹਿਣਾ ਵਿਭਾਗੀ ਕਾਰਵਾਈ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਜੇਕਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਅਣਅਧਿਕਾਰਤ ਕਾਲੋਨੀ ਦਾ ਕੰਮ ਨਹੀਂ ਰੁਕਦਾ ਤਾਂ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ’ਤੇ ਅਮਲ ਕਿੰਨਾ ਪ੍ਰਭਾਵਸ਼ਾਲੀ ਹੈ, ਇਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦਾ ਹੈ। ਇਸ ਮਾਮਲੇ ਸਬੰਧੀ ਇਲਾਕੇ ਦੇ ਐੱਸਡੀਓ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਭਲਕੇ ਗਲਾਡਾ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦੀ ਜਾਂਚ ਕਰਨਗੇ। ਜਾਂਚ ਤੋਂ ਬਾਅਦ ਮਾਮਲੇ ’ਚ ਜਲਦ ਅਗਲੀ ਕਾਰਵਾਈ ਕੀਤੀ ਜਾਵੇਗੀ।