- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ:ਲੁਧਿਆਣਾ ਦੇ ਕਾਰੋਬਾਰੀ ਅਪਰਾਧੀਆਂ ਦੇ ਨਿਸ਼ਾਨੇ ’ਤੇ!

-ਕਾਰੋਬਾਰੀ ਦਾ ਪਿੱਛਾ ਕਰਕੇ ਹਥਿਆਰਬੰਦਾਂ ਵੱਲੋਂ ਘੇਰਨ ਦੀ ਕੋਸ਼ਿਸ਼, ਬਚ ਕੇ ਨਿਕਲਿਆ ਕਾਰੋਬਾਰੀ
-ਫੈਕਟਰੀ ਦੀ ਕੰਧ ਪਾੜ ਕੇ 1240 ਕਿੱਲੋ ਐਲੂਮੀਨੀਅਮ ਚੋਰੀ, ਕੇਸ ਦਰਜ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਕ ਪਾਸੇ ਨਾਮੀ ਕਾਰੋਬਾਰੀ ਨਿਸ਼ਾਂਤ ਸਾਮਾ ਦਾ ਰਾਤ ਸਮੇਂ ਕਾਰ ਸਵਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਪਿੱਛਾ ਕਰਕੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਦੂਜੇ ਪਾਸੇ ਡੇਹਲੋ ਰੋਡ ਸਥਿਤ ਗਣਪਤੀ ਅਸਟੇਟ ਦੀ ਇਕ ਫੈਕਟਰੀ ਨੂੰ ਨਿਸ਼ਾਨਾ ਬਣਾ ਕੇ ਚੋਰ ਕੰਧ ਪਾੜ ਕੇ ਗੁਦਾਮ ਵਿੱਚੋਂ ਕਰੀਬ 1240 ਕਿੱਲੋ ਐਲੂਮੀਨੀਅਮ ਲੈ ਗਏ। ਦੋਵੇਂ ਘਟਨਾਵਾਂ ਨੇ ਉਦਯੋਗਿਕ ਸ਼ਹਿਰ ’ਚ ਕਾਰੋਬਾਰੀਆਂ ਤੇ ਸਨਅਤੀ ਅਦਾਰਿਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
-ਬਾਕਸ-
-ਨਿਸ਼ਾਂਤ ਸਾਮਾ ਨੂੰ ਕਾਰ ਸਵਾਰਾਂ ਨੇ ਘੇਰਨ ਦੀ ਕੀਤੀ ਕੋਸ਼ਿਸ਼
ਨਿਸ਼ਾਂਤ ਸਾਮਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਬੀਤੇ ਦਿਨੀ ਉਹ ਲੁਧਿਆਣਾ ਵਿੱਚ ਹੋਏ ਇੱਕ ਵੱਡੇ ਧਾਰਮਿਕ ਸਮਾਗਮ ਸ਼ਾਮਿਲ ਹੋਣ ਆਏ ਧਰਮ ਗੁਰੂ ਨਾਲ ਮੁਲਾਕਾਤ ਕਰਕੇ ਘਰ ਵਾਪਸ ਆ ਰਹੇ ਸਨ। ਰਾਤ ਕਰੀਬ ਸਾਢੇ 12 ਵਜੇ ਉਨ੍ਹਾਂ ਨੂੰ ਇੱਕ ਸਕਾਰਪੀਓ ਗੱਡੀ ਵੱਲੋਂ ਪਿੱਛਾ ਕੀਤੇ ਜਾਣ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਰਸਤਾ ਬਦਲ ਕੇ ਅੱਗੇ ਵਧੇ। ਦਰਖ਼ਾਸਤ ਅਨੁਸਾਰ ਬਾਅਦ ਵਿੱਚ ਸਕਾਰਪੀਓ ਸਵਾਰਾਂ ਨੇ ਤੇਜ਼ ਰਫ਼ਤਾਰ ਨਾਲ ਉਨ੍ਹਾਂ ਦੀ ਕਾਰ ਅੱਗੇ ਲਾ ਦਿੱਤੀ ਅਤੇ ਉਸ ਵਿੱਚੋਂ 3-4 ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਬਾਹਰ ਆ ਗਏ। ਨਿਸ਼ਾਂਤ ਸਾਮਾ ਨੇ ਦੱਸਿਆ ਕਿ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੇ ਆਪਣੀ ਕਾਰ ਪਿੱਛੇ ਕਰਕੇ ਸਾਈਡ ਵਾਲੀਆਂ ਗਲੀਆਂ ਵਿੱਚ ਦਾਖ਼ਲ ਕਰ ਦਿੱਤੀ ਅਤੇ ਉਥੋਂ ਬਚ ਕੇ ਨਿਕਲ ਗਏ। ਉਨ੍ਹਾਂ ਮੁਤਾਬਕ ਹਥਿਆਰਬੰਦ ਵਿਅਕਤੀਆਂ ਨੇ ਕਾਫ਼ੀ ਦੇਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ, ਪਰ ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਏ ਅਤੇ ਉਨ੍ਹਾਂ ਦੀ ਜਾਨ ਬਚ ਗਈ।
-ਬਾਕਸ-
-ਪੁਰਾਣੇ ਮੁਕੱਦਮਿਆਂ ਨਾਲ ਜੁੜੇ ਵਿਅਕਤੀਆਂ ’ਤੇ ਸ਼ੱਕ
ਨਿਸ਼ਾਂਤ ਸਾਮਾ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਦੱਸਿਆ ਹੈ ਕਿ ਕੁਝ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਪੁਰਾਣੇ ਵਿਵਾਦਾਂ ਦੇ ਚੱਲਦਿਆਂ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੋ ਸਕਦੀ ਹੈ। ਦਰਖ਼ਾਸਤ ਵਿੱਚ ਇਹ ਵੀ ਦਰਜ ਹੈ ਕਿ ਇੱਕ ਮਾਮਲੇ ਨਾਲ ਸਬੰਧਤ ਵਿਅਕਤੀ ਵੱਲੋਂ ਜੇਲ੍ਹ ਜਾਣ ਤੋਂ ਪਹਿਲਾਂ ਕਥਿਤ ਤੌਰ ’ਤੇ ਧਮਕੀ ਦਿੱਤੀ ਗਈ ਸੀ ਕਿ ਬਾਹਰ ਆ ਕੇ ਬਦਲਾ ਲਿਆ ਜਾਵੇਗਾ। ਇਸ ਸਬੰਧੀ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਸਮੇਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਘਟਨਾ ਤੋਂ ਬਾਅਦ ਨਿਸ਼ਾਂਤ ਸਾਮਾ ਨੇ ਆਪਣੀ ਜਾਨ-ਮਾਲ ਨੂੰ ਖ਼ਤਰਾ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਪੁਲਿਸ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਦਰਖ਼ਾਸਤ ਵਿੱਚ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਘਟਨਾ ਸਬੰਧੀ ਉਨ੍ਹਾਂ ਨੇ ਐਮਰਜੈਂਸੀ ਸੇਵਾ ਨੂੰ ਫੋਨ ਕਰਕੇ ਵੀ ਜਾਣਕਾਰੀ ਦਿੱਤੀ ਸੀ। ਇਸ ਸਬੰਧੀ ਉਹਨਾਂ ਨੇ ਇੱਕ ਲਿਖਤ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਇਹ ਸਾਰੀ ਜਾਂਚ ਲੁਧਿਆਣਾ ਦੇ ਡੀਸੀਪੀ ਨੂੰ ਭੇਜ ਦਿੱਤੀ ਗਈ। ਪੁਲਿਸ ਇਸ ਕੇਸ ਦੀ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ।
-ਬਾਕਸ-
-ਕੰਧ ਪਾੜ ਕੇ ਫੈਕਟਰੀ ਵਿੱਚ ਦਾਖ਼ਲ, 31 ਬੋਰੀਆਂ ਐਲੂਮੀਨੀਅਮ ਲੈ ਗਏ ਚੋਰ
ਉਧਰ ਡੇਹਲੋ ਰੋਡ ’ਤੇ ਗਣਪਤੀ ਅਸਟੇਟ ਸਥਿਤ ਇੱਕ ਫੈਕਟਰੀ ਵਿੱਚ ਚੋਰਾਂ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਦੇਰ ਰਾਤ ਦੋ ਵਿਅਕਤੀ ਫੈਕਟਰੀ ਦੀ ਪਿਛਲੀ ਸਾਈਡ ਤੋਂ ਕੰਧ ਪਾੜ ਕੇ ਅੰਦਰ ਦਾਖ਼ਲ ਹੋਏ ਅਤੇ ਗੋਦਾਮ ਵਿੱਚੋਂ ਐਲੂਮੀਨੀਅਮ ਦੀਆਂ 31 ਬੋਰੀਆਂ ਚੋਰੀ ਕਰਕੇ ਫਰਾਰ ਹੋ ਗਏ। ਇਨ੍ਹਾਂ ਬੋਰੀਆਂ ਵਿੱਚ ਕਰੀਬ 1240 ਕਿਲੋ ਐਲੂਮੀਨੀਅਮ ਦੱਸਿਆ ਜਾ ਰਿਹਾ ਹੈ।
ਫੈਕਟਰੀ ਮਾਲਕ ਸੁਧੀਰ ਗੁਪਤਾ ਮੁਤਾਬਕ ਸਵੇਰੇ ਫੈਕਟਰੀ ਪਹੁੰਚਣ ’ਤੇ ਜਦੋਂ ਗੋਦਾਮ ਦੀ ਜਾਂਚ ਕੀਤੀ ਗਈ ਤਾਂ ਵੱਡੀ ਮਾਤਰਾ ਵਿੱਚ ਐਲੂਮੀਨੀਅਮ ਗਾਇਬ ਮਿਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਚੋਰਾਂ ਨੇ ਪਿਛਲੀ ਸਾਈਡ ਦੀ ਕੰਧ ਪਾੜ ਕੇ ਅੰਦਰ ਦਾਖ਼ਲ ਹੋ ਕੇ ਗੋਦਾਮ ਨੂੰ ਨਿਸ਼ਾਨਾ ਬਣਾਇਆ। ਫੈਕਟਰੀ ਦੇ ਪਿੱਛੇ ਖੇਤ ਹੋਣ ਕਾਰਨ ਸ਼ੱਕ ਹੈ ਕਿ ਚੋਰਾਂ ਨੇ ਚੋਰੀ ਕੀਤਾ ਮਾਲ ਲਿਜਾਣ ਲਈ ਵਾਹਨ ਵੀ ਉਸੇ ਪਾਸੇ ਖੜ੍ਹਾ ਕੀਤਾ ਹੋ ਸਕਦਾ ਹੈ।
-ਬਾਕਸ-
-ਸੀਸੀਟੀਵੀ ’ਚ ਕੈਦ ਹੋਈ ਚੋਰੀ ਦੀ ਪੂਰੀ ਤਸਵੀਰ
ਚੋਰੀ ਦੀ ਵਾਰਦਾਤ ਫੈਕਟਰੀ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਦੋ ਵਿਅਕਤੀ ਦੇਰ ਰਾਤ ਫੈਕਟਰੀ ਅੰਦਰ ਦਾਖ਼ਲ ਹੁੰਦੇ ਅਤੇ ਬਾਅਦ ਵਿੱਚ ਐਲੂਮੀਨੀਅਮ ਦੀਆਂ ਬੋਰੀਆਂ ਚੁੱਕ ਕੇ ਬਾਹਰ ਲਿਜਾਂਦੇ ਦਿਖਾਈ ਦੇ ਰਹੇ ਹਨ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਫੈਕਟਰੀ ਮਾਲਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਫੈਕਟਰੀ ਵਿੱਚ ਚੋਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਵੱਡੀ ਮਾਤਰਾ ਵਿੱਚ ਮਾਲ ਪਿਆ ਰਹਿਣ ਕਾਰਨ ਪਿਛਲੀਆਂ ਚੋਰੀਆਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਇਸ ਵਾਰ ਚੋਰ ਸਿੱਧੇ ਗੁਦਾਮ ਵਿੱਚੋਂ ਵੱਡੀ ਮਾਤਰਾ ਵਿੱਚ ਐਲੂਮੀਨੀਅਮ ਚੋਰੀ ਕਰਕੇ ਲੈ ਗਏ।
-ਬਾਕਸ-
-ਚੰਦਰਮਾ ਗਿਰੋਹ ਦੀ ਤਰਜ਼ ’ਤੇ ਸਿਰਫ਼ ਕੀਮਤੀ ਧਾਤ ਨੂੰ ਬਣਾਇਆ ਨਿਸ਼ਾਨਾ
ਵਾਰਦਾਤ ਵਿੱਚ ਇੱਕ ਗੱਲ ਖਾਸ ਤੌਰ ’ਤੇ ਧਿਆਨ ਖਿੱਚ ਰਹੀ ਹੈ ਕਿ ਚੋਰਾਂ ਨੇ ਫੈਕਟਰੀ ਵਿੱਚੋਂ ਸਿਰਫ਼ ਐਲੂਮੀਨੀਅਮ ਨੂੰ ਹੀ ਨਿਸ਼ਾਨਾ ਬਣਾਇਆ। ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ। ਕਰੀਬ ਦੋ ਦਹਾਕੇ ਪਹਿਲਾਂ ਲੁਧਿਆਣਾ ਵਿੱਚ ਸਰਗਰਮ ਰਹੇ ਚੰਦਰਮਾ ਗਿਰੋਹ ਦੀਆਂ ਵਾਰਦਾਤਾਂ ਵਿੱਚ ਵੀ ਫੈਕਟਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸਾਹਮਣੇ ਆਉਂਦੀ ਰਹੀ ਸੀ। ਮੌਜੂਦਾ ਮਾਮਲੇ ਵਿੱਚ ਪੁਲਿਸ ਵੱਲੋਂ ਇਸੇ ਤਰ੍ਹਾਂ ਦੀ ਕਾਰਵਾਈ ਸਮੇਤ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਸੀਸੀਟੀਵੀ ਫੁਟੇਜ ਤੇ ਹੋਰ ਤੱਥਾਂ ਦੇ ਆਧਾਰ ’ਤੇ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਪਾਸੇ ਕਾਰੋਬਾਰੀ ਨੂੰ ਰਸਤੇ ’ਚ ਘੇਰਨ ਦੀ ਕੋਸ਼ਿਸ਼ ਅਤੇ ਦੂਜੇ ਪਾਸੇ ਫੈਕਟਰੀ ਦੀ ਕੰਧ ਪਾੜ ਕੇ ਲੱਖਾਂ ਰੁਪਏ ਦੇ ਮਾਲ ’ਤੇ ਹੱਥ ਸਾਫ਼ ਕਰਨ ਦੀ ਘਟਨਾ ਨੇ ਇਹ ਸਵਾਲ ਜ਼ਰੂਰ ਖੜ੍ਹਾ ਕਰ ਦਿੱਤਾ ਹੈ ਕਿ ਉਦਯੋਗਿਕ ਸ਼ਹਿਰ ਦੇ ਕਾਰੋਬਾਰੀ ਤੇ ਉਦਯੋਗਿਕ ਅਦਾਰੇ ਅਪਰਾਧੀਆਂ ਦੀ ਨਜ਼ਰ ਤੋਂ ਕਿੰਨੇ ਸੁਰੱਖਿਅਤ ਹਨ।