- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਵਧਾਨੀ ਹੀ ਸਵਾਈਨ ਫਲੂ ਤੋਂ ਬਚਾਅ ਦੀ ਪਹਿਲੀ ਢਾਲ-ਡਾ. ਸੂਦ

ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਕਾਰਜਕਾਰੀ ਸਿਵਲ ਸਰਜਨ ਲੁਧਿਆਣਾ ਡਾ. ਹਰਿੰਦਰ ਸਿੰਘ ਸੂਦ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਦੇ ਮੱਦੇਨਜ਼ਰ ਸਵਾਈਨ/ਇਨਫਲੂਐਂਜ਼ਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਡਾ. ਸੂਦ ਨੇ ਦੱਸਿਆ ਕਿ ਸਾਹ ਪ੍ਰਣਾਲੀ ਨਾਲ ਸਬੰਧਤ ਵਾਇਰਲ ਇਨਫਲੂਐਂਜ਼ਾ ਹੈ ਅਤੇ ਖੰਘਣ ਜਾਂ ਛਿੱਕਣ ਦੌਰਾਨ ਨਿਕਲਣ ਵਾਲੀਆਂ ਬੂੰਦਾਂ ਰਾਹੀਂ ਇਸ ਦਾ ਫੈਲਾਅ ਹੋ ਸਕਦਾ ਹੈ। ਇਸ ਲਈ ਵਿਅਕਤੀਗਤ ਸਫਾਈ ਤੇ ਸਾਹ ਸਬੰਧੀ ਸਾਵਧਾਨੀਆਂ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਸਵਾਈਨ ਫਲੂ ਤੋਂ ਬਚਾਅ ਲਈ ਸਭ ਤੋਂ ਪਹਿਲੀ ਸਾਵਧਾਨੀ ਹੱਥਾਂ ਦੀ ਸਫਾਈ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਖੰਘ, ਗਲੇ ’ਚ ਦਰਦ, ਸਿਰ ਦਰਦ, ਸਰੀਰ ਵਿੱਚ ਦਰਦ, ਥਕਾਵਟ ਜਾਂ ਹੋਰ ਫਲੂ ਵਰਗੇ ਲੱਛਣ ਮਹਿਸੂਸ ਹੋਣ ਤਾਂ ਉਹ ਆਪਣੀ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੇ। ਅਜਿਹੀ ਸਥਿਤੀ ਵਿੱਚ ਬੇਲੋੜੇ ਤੌਰ ’ਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੇ ਦੂਜਿਆਂ ਦੇ ਨੇੜੇ ਸੰਪਰਕ ’ਚ ਆਉਣ ਤੋਂ ਬਚਣਾ ਚਾਹੀਦਾ ਹੈ। ਬਿਮਾਰ ਵਿਅਕਤੀ ਵੱਲੋਂ ਖੰਘਣ ਜਾਂ ਛਿੱਕਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਨਾਲ ਪਰਿਵਾਰਕ ਮੈਂਬਰਾਂ ਤੇ ਆਸ-ਪਾਸ ਦੇ ਲੋਕਾਂ ਤੱਕ ਇਨਫਲੂਐਂਜ਼ਾ ਦੇ ਫੈਲਾਅ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ। ਐਂਟੀਬਾਇਓਟਿਕ ਦਵਾਈਆਂ ਵਾਇਰਲ ਇਨਫਲੂਐਂਜ਼ਾ ਦਾ ਸਿੱਧਾ ਇਲਾਜ ਨਹੀਂ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਸਿਰਫ਼ ਡਾਕਟਰੀ ਸਲਾਹ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ। ਸਾਵਧਾਨੀ ਹੀ ਸਵਾਈਨ ਫਲੂ ਤੋਂ ਬਚਾਅ ਦੀ ਸਭ ਤੋਂ ਵੱਡੀ ਢਾਲ ਹੈ।•