- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਪ-ਤਪ ਚੌਪਹਿਰਾ ਸਮਾਗਮ ’ਚ ਸੰਗਤਾਂ ਨੇ ਕੀਤਾ ਸਤਿਨਾਮ-ਵਾਹਿਗੁਰੂ ਦਾ ਜਾਪ

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹਫਤਾਵਾਰੀ ਜਪ-ਤਪ ਚੌਪਹਿਰਾ ਗੁਰਮਤਿ ਸਮਾਗਮ ਸ਼ਰਧਾ, ਭਾਵਨਾ ਤੇ ਸਤਿਕਾਰ ਨਾਲ ਕਰਵਾਇਆ। ਇਸ ਸਮਾਗਮ ’ਚ ਦੂਰ-ਦੁਰਾਡੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਗੁਰਬਾਣੀ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਇਸ ਉਪਰੰਤ ਸੰਗਤ ਵੱਲੋਂ ਇਕ ਮਨ, ਇਕ ਚਿੱਤ ਹੋ ਕੇ ਸੰਗਤੀ ਰੂਪ ਵਿੱਚ ਸਤਿਨਾਮ-ਵਾਹਿਗੁਰੂ ਜੀ ਦਾ ਜਾਪ ਕੀਤਾ ਗਿਆ। ਸੰਗਤ ਨੇ ਭਾਵਪੂਰਵਕ “ਇਹ ਜੱਗ ਛੱਡ ਦਿੱਤਾ, ਲੜ ਫੜਿਆ ਤੇਰਾ, ਸਤਿਗੁਰੂ ਪਿਆਰਿਆ ਮੈਨੂੰ ਆਸਰਾ ਤੇਰਾ” ਦੇ ਸ਼ਬਦਾਂ ਰਾਹੀਂ ਗੁਰੂ ਚਰਨਾਂ ’ਚ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਨਾਮ ਸਿਮਰਨ ਕਰਨ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਸਮਾਗਮ ਦੇ ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਉਪਰੰਤ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਦੌਰਾਨ ਟਰੱਸਟੀ ਮੈਂਬਰ ਸੁਖਵਿੰਦਰਪਾਲ ਸਿੰਘ ਲਾਲੀ ਸਰਨਾ, ਨਵਨੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ, ਅਮਰਜੀਤ ਸਿੰਘ ਟਿੱਕਾ, ਅਮਰਪਾਲ ਸਿੰਘ ਸਰਨਾ, ਹਰਵਿੰਦਰ ਪਾਲ ਸਿੰਘ ਚਾਵਲਾ, ਜਸਵਿੰਦਰ ਸਿੰਘ ਸੇਠੀ ਵੀ ਗੁਰੂ ਘਰ ਨਤਮਸਤਕ ਹੋਏ।