- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਸੰਗੋਵਾਲ ਤੇ ਚੇਅਰਮੈਨ ਦਿਉਲ ਨੇ ਕਰਵਾਈ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ

-ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਤੇ ਸੁੱਕਾ ਝੋਨਾ ਹੀ ਮੰਡੀ ’ਚ ਲਿਆਉਣ ਦੀ ਅਪੀਲ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਦੇ ਸੀਜ਼ਨ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦਾਣਾ ਮੰਡੀ ਕਿਲ੍ਹਾ ਰਾਏਪੁਰ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਨਾਲ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਉਲ ਹਾਜਰ ਸਨ। ਸੰਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਗੋਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਵਾਢੀ ਕੀਤੀ ਜਾਵੇ ਅਤੇ ਨਿਰਧਾਰਤ 17 ਫ਼ੀਸਦੀ ਨਮੀ ਦੀ ਸੀਮਾ ਨੂੰ ਧਿਆਨ ਵਿੱਚ ਰੱਖਦਿਆਂ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਂਦਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ 24 ਤੋਂ 36 ਘੰਟਿਆਂ ਦੇ ਅੰਦਰ ਯਕੀਨੀ ਬਣਾਈ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਤੋਂ ਬਾਅਦ ਪੈਸਿਆਂ ਲਈ ਕਿਸੇ ਕਿਸਮ ਦੀ ਉਡੀਕ ਨਾ ਕਰਨੀ ਪਵੇ। ਜੱਗੀ ਦਿਉਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਆਪਣਾ ਝੋਨਾ ਮੰਡੀ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਹੀ ਲੈ ਕੇ ਆਉਣ, ਤਾਂ ਜੋ ਸਰਕਾਰੀ ਖਰੀਦ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਨੂ ਸਾਬੀ ਜਰਖੜ, ਚੇਅਰਮੈਨ ਬਲਾਕ ਸੰਮਤੀ, ਹਰਜੋਧ ਸਿੰਘ ਦਿਉਲ ਬਲਾਕ ਸੰਮਤੀ ਮੈਂਬਰ, ਲਾਡੀ ਸੰਗੋਵਾਲ, ਸੈਕਟਰੀ ਰੁਬੇਲ ਸਿੰਘ, ਅਮਰਦੀਪ ਸਿੰਘ ਆਦਿ ਹਾਜ਼ਰ ਸਨ।