- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਵਿੱਚ ਦੋ ਰੋਜ਼ਾ ਸਲਾਨਾ ਖੇਡ ਦਿਵਸ ਕਰਵਾਇਆ

-ਸ਼ਹੀਦ ਮੋਤੀ ਰਾਮ ਸਕੂਲ ’ਚ ਦੋ ਦਿਨਾ ਖੇਡ ਦਿਵਸ ਕਰਵਾਇਆ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ, ਢਿੱਲੋਂ ਨਗਰ, ਗਲੀ ਨੰਬਰ 8 (ਲੋਹਾਰਾ) ਵਿਖੇ ਦੋ ਰੋਜ਼ਾ ਸਲਾਨਾ ਖੇਡ ਦਿਵਸ-2026 ਦਾ ਆਗਾਜ਼ ਕੀਤਾ ਗਿਆ। ਸਮਾਗਮ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੋਸਾਇਟੀ (ਰਜਿ.) ਲੁਧਿਆਣਾ ਦੇ ਅਹੁਦੇਦਾਰ, ਅਧਿਆਪਕ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ। ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਦੇ ਨਾਲ ਉਨ੍ਹਾਂ ਦਾ ਮਨੋਬਲ ਅਤੇ ਅਨੁਸ਼ਾਸਨ ਵੀ ਮਜ਼ਬੂਤ ਕਰਦੀਆਂ ਹਨ। ਖੇਡਾਂ ਨਾਲ ਜੁੜੇ ਵਿਦਿਆਰਥੀ ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ।ਪ੍ਰਿੰਸੀਪਲ ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੋਬਾਈਲ ਫੋਨ ਅਤੇ ਇੰਟਰਨੈੱਟ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤਮੰਦ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਸਿਹਤ ਨੂੰ ਪਹਿਲ ਦਿੰਦਿਆਂ ਖੇਡਾਂ ਨਾਲ ਜੁੜਨਾ ਚਾਹੀਦਾ ਹੈ।ਸਕੂਲ ਦੇ ਕਾਰਜਕਾਰੀ ਮੈਂਬਰ ਗੁਰਚਰਨ ਸਿੰਘ ਮਾਲਵਾ ਨੇ ਦੱਸਿਆ ਕਿ ਖੇਡ ਦਿਵਸ ਦੌਰਾਨ ਖੋ-ਖੋ, ਕਬੱਡੀ, ਉੱਚੀ ਛਾਲ, ਲੰਬੀ ਛਾਲ, ਸ਼ਾਟਪੁੱਟ, 100, 200 ਅਤੇ 400 ਮੀਟਰ ਦੌੜ, ਰੱਸਾਕਸ਼ੀ, ਰਿਲੇਅ ਦੌੜ, ਹਰਡਲ ਦੌੜ ਅਤੇ ਤਿੰਨ ਲੱਤ ਦੌੜ ਸਮੇਤ ਕਈ ਮੁਕਾਬਲੇ ਕਰਵਾਏ। ਇਸ ਤੋਂ ਇਲਾਵਾ ਬੋਰੀ ਦੌੜ, ਮਟਕਾ ਦੌੜ, ਨਿੰਬੂ ਦੌੜ, ਡੱਕ ਦੌੜ ਅਤੇ ਡੱਡੂ ਦੌੜ ਵਰਗੀਆਂ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਸਕੂਲ ਦੇ ਜ਼ੋਨਲ ਅਤੇ ਜ਼ਿਲ੍ਹਾ ਪੱਧਰ ਦੇ ਜੇਤੂ ਹਾਕੀ ਅਤੇ ਵਾਲੀਬਾਲ ਖਿਡਾਰੀਆਂ ਦੇ ਵਿਸ਼ੇਸ਼ ਮੈਚ ਵੀ ਕਰਵਾਏ। ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖੇਡ ਦਿਵਸ ਦੀ ਸ਼ੁਰੂਆਤ ਡੀਪੀ ਗੁਰਪ੍ਰੀਤ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਮਸ਼ਾਲ ਜਗਾ ਕੇ ਅਤੇ ਸੀਨੀਅਰ ਵਿਦਿਆਰਥੀਆਂ ਵੱਲੋਂ ਪਰੇਡ ਨਾਲ ਕੀਤੀ ਗਈ। ਵਿਦਿਆਰਥੀਆਂ ਨੇ ਖੇਡਾਂ ਪ੍ਰਤੀ ਸਤਿਕਾਰ, ਇਮਾਨਦਾਰੀ ਅਤੇ ਵਫ਼ਾਦਾਰੀ ਦੀ ਭਾਵਨਾ ਕਾਇਮ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਰੰਗ ਬੰਨ੍ਹਿਆ। ਬੱਚਿਆਂ ਦੇ ਮਾਪਿਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਗਾਦੜੀ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਸੰਯੁਕਤ ਸਕੱਤਰ ਰਘਬੀਰ ਸਿੰਘ ਗਾਦੜਾ, ਸਲਾਹਕਾਰ ਬਲਵੀਰ ਸਿੰਘ ਟਿੱਬਾ, ਕੈਸ਼ੀਅਰ ਗੁਰਪ੍ਰੀਤ ਸਿੰਘ ਮਾਲੜਾ, ਗੁਰਚਰਨ ਸਿੰਘ ਮਾਲਵਾ, ਤਜਿੰਦਰ ਸਿੰਘ ਕੁੱਕੂ, ਕਰਨੈਲ ਸਿੰਘ ਦੋਸਾਂਝ, ਕੌਂਸਲਰ ਰਾਜੇਸ਼ ਮਿਸ਼ਰਾ, ਕੁਲਵੰਤ ਸਿੰਘ ਕਾਂਤੀ, ਵਾਈਸ ਪ੍ਰਿੰਸੀਪਲ ਮਨਦੀਪ ਸਿੰਘ, ਵਾਈਸ ਪ੍ਰਿੰਸੀਪਲ ਜਸਬੀਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਅਤੇ ਕਮੇਟੀ ਮੈਂਬਰ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਹੋਈ•।