- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਵੱਲੋਂ ਮਟਰ ਦੀ ਕਿਸਮ ‘ਪੰਜਾਬ-90’ ਲਈ ਬੀਜ ਕੰਪਨੀ ਨਾਲ ਸਮਝੌਤਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ’ਵਰਸਿਟੀ ਲੁਧਿਆਣਾ ਨੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ/ਡਾਕਖਾਨਾ ਚੌਰਾ ਸਥਿਤ ਸਾਹਿਬ ਐੱਸਕੇ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ ਯੂਨੀਵਰਸਿਟੀ ਵੱਲੋਂ ਵਿਕਸਤ ਮਟਰ ਦੀ ਕਿਸਮ ‘ਪੰਜਾਬ-90’ ਦੇ ਲਾਇਸੈਂਸ ਸਬੰਧੀ ਸਮਝੌਤਾ ਕੀਤਾ ਹੈ। ਸਮਝੌਤੇ ’ਤੇ ਪੀਏਯੂ ਦੇ ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਅਤੇ ਬਾਗਬਾਨੀ) ਡਾ. ਵੀਐੱਸ. ਸੋਹੂ ਅਤੇ ਕੰਪਨੀ ਵੱਲੋਂ ਡਾ. ਗੁਰੂ ਦਿਆਲ ਨੇ ਦਸਤਖ਼ਤ ਕੀਤੇ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ (ਖੇਤੀ ਇੰਜਨੀਅਰਿੰਗ) ਡਾ. ਮਹੇਸ਼ ਕੁਮਾਰ, ਟੈਕਨਾਲੋਜੀ ਮਾਰਕੀਟਿੰਗ ਤੇ ਆਈਪੀਆਰ (ਟੀਐੱਮਆਈਪੀਆਰ) ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਰਨੀ ਤੇ ਸਬਜ਼ੀ ਵਿਗਿਆਨ ਵਿਭਾਗ ਦੇ ਪ੍ਰਿੰਸੀਪਲ ਓਲੇਰੀਕਲਚਰਿਸਟ ਡਾ. ਰਾਜਿੰਦਰ ਕੁਮਾਰ ਵੀ ਹਾਜ਼ਰ ਸਨ। ਸਮਝੌਤੇ ਲਈ ਸਬਜ਼ੀ ਵਿਗਿਆਨ ਵਿਭਾਗ ਨੂੰ ਵਧਾਈ ਦਿੰਦਿਆਂ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀਆਂ ਅਤੇ ਸੁਧਰੀਆਂ ਕਿਸਮਾਂ ਨੂੰ ਖੋਜ ਖੇਤਰਾਂ ਤੋਂ ਕਿਸਾਨਾਂ ਤਕ ਪਹੁੰਚਾਉਣ ’ਚ ਸਨਅਤੀ ਭਾਈਵਾਲੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਵਪਾਰੀਕਰਨ ਸਮਝੌਤੇ ਨੂੰ ਇਸ ਦਿਸ਼ਾ ’ਚ ਉਪਰਾਲਾ ਦੱਸਿਆ। ‘ਪੰਜਾਬ-90’ ਕਿਸਮ ਬਾਰੇ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਮੱਧ-ਮੌਸਮੀ ਤੇ ਇੱਕ ਵਾਰ ਤੁੜਾਈ ਲਈ ਢੁੱਕਵੀਂ ਮਟਰ ਦੀ ਕਿਸਮ ਹੈ। ਬੂਟੇ ਤਾਕਤਵਰ ਹੁੰਦੇ ਹਨ ਤੇ ਪ੍ਰਤੀ ਬੂਟਾ 18 ਤੋਂ 25 ਤੱਕ ਚੰਗੀ ਤਰ੍ਹਾਂ ਭਰੀਆਂ ਫਲੀਆਂ ਲੱਗਦੀਆਂ ਹਨ। ਫਲੀਆਂ ਗੂੜ੍ਹੇ ਹਰੇ ਰੰਗ ਦੀਆਂ, ਲੰਬੀਆਂ ਤੇ ਜੋੜਿਆਂ ਵਿੱਚ ਲੱਗਦੀਆਂ ਹਨ। ਹਰ ਫਲੀ ਵਿੱਚ 8 ਤੋਂ 10 ਦਾਣੇ ਹੁੰਦੇ ਹਨ। ਇਸ ਕਿਸਮ ਦੀ ਪਹਿਲੀ ਤੁੜਾਈ ਲਗਭਗ 85 ਤੋਂ 90 ਦਿਨਾਂ ਵਿੱਚ ਸ਼ੁਰੂ ਹੋ ਜਾਂਦੀ ਹੈ। ਛਿੱਲੇ ਹੋਏ ਮਟਰ ਮਿੱਠੇ ਸੁਆਦ ਵਾਲੇ ਹੁੰਦੇ ਹਨ ਤੇ ਇਸ ਦਾ ਸ਼ੈਲਿੰਗ ਆਊਟਟਰਨ ਲਗਭਗ 55 ਫੀਸਦੀ ਹੈ। ਕਈ ਤੁੜਾਈਆਂ ਦੀ ਸਥਿਤੀ ਵਿੱਚ ਇਹ ਕਿਸਮ ਪ੍ਰਤੀ ਏਕੜ ਲਗਭਗ 62 ਕੁਇੰਟਲ ਹਰੀਆਂ ਫਲੀਆਂ ਅਤੇ ਇੱਕ ਵਾਰ ਤੁੜਾਈ ਵਿੱਚ ਲਗਭਗ 45 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਦੇਣ ਦੇ ਸਮਰੱਥ ਹੈ।