- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ ਦੇ ਭਾਅ 'ਚ ਮਹਿਜ਼ 25 ਪੈਸੇ ਪ੍ਰਤੀ ਕਿੱਲੋ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਪਰ ਕਾਰਪੋਰੇਟ ਘਰਾਣਿਆਂ ਦੇ ਪ੍ਰਭਾਵ ਹੇਠ ਚੱਲ ਰਹੀਆਂ ਸਰਕਾਰਾਂ ਮਿਹਨਤੀ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਇਹ ਪ੍ਰਗਟਾਵਾ ਕਾਂਗਰਸ ਕਿਸਾਨ ਸੈਲ ਦੇ ਜ਼ਿਲ੍ਹਾ ਪ੍ਰਧਾਨ ਹਿਰਦੇਪਾਲ ਢੀਂਡਸਾ ਨੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਦੌਰਾਨ ਕਿਸਾਨੀ ਮੁੱਦਿਆਂ 'ਤੇ ਚਰਚਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਕੇਂਦਰ ਵੱਲੋਂ ਕਣਕ ਦੇ ਪ੍ਰਤੀ ਕੁਇੰਟਲ ਭਾਅ ’ਚ ਕੀਤਾ ਸਿਰਫ਼ 25 ਪੈਸੇ ਪ੍ਰਤੀ ਕਿੱਲੋ (25 ਰੁਪਏ ਪ੍ਰਤੀ ਕੁਇੰਟਲ) ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਡੇ ਪੂੰਜੀਪਤੀ ਘਰਾਣਿਆਂ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ ਤੇ ਨੀਤੀਆਂ ਵੀ ਸਿਰਫ਼ ਕਾਰਪੋਰੇਟ ਖੇਤਰ ਨੂੰ ਲਾਭ ਪਹੁੰਚਾਉਣ ਲਈ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਸੂਬੇ ਦੀ ‘ਆਪ’ ਦੀ ਸਰਕਾਰ 'ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ 'ਆਪ' ਸਰਕਾਰ ਨੇ ਕਦੇ ਵੀ ਕੇਂਦਰ ਅੱਗੇ ਪੰਜਾਬ ਦੀ ਕਿਸਾਨੀ ਦਾ ਪੱਖ ਡਟ ਕੇ ਨਹੀਂ ਰੱਖਿਆ। ਇਸ ਮੌਕੇ ਢੀਂਡਸਾ ਨੇ ਜ਼ੋਰ ਦੇ ਕੇ ਕਿਹਾ ਕਿ ਫ਼ਸਲਾਂ ਦੇ ਭਾਅ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਫਾਰਮੂਲੇ ਅਨੁਸਾਰ ਤੈਅ ਕੀਤੇ ਜਾਣੇ ਚਾਹੀਦੇ ਹਨ। ਸਰਕਾਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਖੁਸ਼ਹਾਲ ਨਹੀਂ ਰਹੇਗਾ, ਤਾਂ ਕਿਸਾਨੀ ਨਾਲ ਜੁੜੇ ਹਰ ਵਰਗ ਦੀ ਆਰਥਿਕਤਾ 'ਤੇ ਇਸ ਦਾ ਗੰਭੀਰ ਅਸਰ ਪਵੇਗਾ। ਇਸ ਮੌਕੇ ਗੁਰਤੇਜ ਸਿੰਘ ਗਿੱਲ, ਜਗਤਾਰ ਸਿੰਘ ਫੁੱਲਾਂਵਾਲ, ਕੁਲਦੀਪ ਸਿੰਘ ਵਿਰਕ, ਸਿੰਦਰਪਾਲ ਸਿੰਘ ਭੋਲਾ, ਰਣਜੀਤ ਸਿੰਘ ਗਾਲਿਬ, ਮਹਿੰਦਰ ਸਿੰਘ, ਦੀਪ ਫੁੱਲਾਵਾਲ, ਦੀਦਾਰ ਸਿੰਘ ਤੇ ਨਿੰਦੀ ਸੇਖੋਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸ ਕਿਸਾਨ ਸੈੱਲ ਦੇ ਅਹੁਦੇਦਾਰ ਹਾਜ਼ਰ ਸਨ।