- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲਮਗੀਰ ਪੰਚਾਇਤ ਨੇ ਗੁਜਰਾਂ ਦੇ ਡੇਰੇ ਤੋਂ ਬੰਧਕ ਬਣਾਏ ਦੋ ਪ੍ਰਵਾਸੀ ਮਜ਼ਦੂਰ ਛੁਡਵਾਏ

-ਪੰਚਾਇਤ ਦੀ ਕਾਰਵਾਈ ਦੀ ਇਲਾਕੇ ’ਚ ਸ਼ਲਾਘਾ; ਪ੍ਰਸ਼ਾਸਨ ’ਤੇ ਵੀ ਉੱਠੇ ਸਵਾਲ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਪਿੰਡ ਆਲਮਗੀਰ ਦੀ ਪੰਚਾਇਤ ਵੱਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਕਥਿਤ ਤੌਰ ’ਤੇ ਬੰਧਕ ਬਣਾਏ ਜਾਣ ਤੋਂ ਛੁਡਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਚਾਇਤ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਅਤੇ ਕਈ ਲੋਕਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਆਲਮਗੀਰ-ਦੁਲੇਆ ਰੋਡ ’ਤੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਸੁਖਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਕੋਲ ਅਜੇ ਕੁਮਾਰ ਵਾਸੀ ਜ਼ਿਲ੍ਹਾ ਗਯਾ, ਬਿਹਾਰ, ਕਥਿਤ ਤੌਰ ’ਤੇ ਫਰਿਆਦੀ ਬਣ ਕੇ ਪਹੁੰਚਿਆ। ਉਸਨੇ ਦੱਸਿਆ ਕਿ ਪਿੰਡ ਚੁੱਪਕੀ ਦੀ ਜ਼ਮੀਨ ਵਿੱਚ ਗੁੱਜਰਾਂ ਦੇ ਡੇਰੇ ’ਤੇ ਅਲੀ ਨਾਮਕ ਵਿਅਕਤੀ ਵੱਲੋਂ ਉਸ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਸ ਦੇ ਦੱਸਣ ਮੁਤਾਬਕ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਜਾਂਦੀ ਸੀ, ਕੰਮ ਕਰਵਾਇਆ ਜਾਂਦਾ ਸੀ ਅਤੇ ਮੁੱਢਲੀਆਂ ਲੋੜਾਂ ਤੋਂ ਵੀ ਵਾਂਝਾ ਰੱਖਿਆ ਜਾਂਦਾ ਸੀ। ਅਜੇ ਕੁਮਾਰ ਦੀ ਗੱਲ ਸੁਣਨ ਤੋਂ ਬਾਅਦ ਸੁਖਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਮਾਮਲਾ ਪਿੰਡ ਦੇ ਸਰਪੰਚ ਕਰਨਜੋਤ ਸਿੰਘ ‘ਜੋਤੀ ਗਰੇਵਾਲ’, ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀਆਂ ਦੇ ਧਿਆਨ ਵਿੱਚ ਲਿਆਂਦਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਪੰਚ ਕਰਨਜੋਤ ਸਿੰਘ ‘ਜੋਤੀ ਗਰੇਵਾਲ’ ਪੰਚਾਇਤ ਮੈਂਬਰਾਂ ਤੇ ਹੋਰ ਵਿਅਕਤੀਆਂ ਸਮੇਤ ਕਥਿਤ ਡੇਰੇ ’ਤੇ ਪਹੁੰਚੇ।
ਇਸ ਦੌਰਾਨ ਅਜੇ ਕੁਮਾਰ ਨੇ ਦੱਸਿਆ ਕਿ ਟਿੰਕੂ ਨਾਮਕ ਇੱਕ ਹੋਰ ਪ੍ਰਵਾਸੀ ਮਜ਼ਦੂਰ ਨੂੰ ਵੀ ਉੱਥੇ ਬੰਧਕ ਬਣਾ ਕੇ ਰੱਖਿਆ ਗਿਆ ਹੈ। ਪੰਚਾਇਤ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਟਿੰਕੂ ਵਾਸੀ ਨਿਯਮਾਬਾਦ, ਉੱਤਰ ਪ੍ਰਦੇਸ਼, ਨੂੰ ਉੱਥੋਂ ਲਿਆਂਦਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਪੰਚ ਕਰਨਜੋਤ ਨੇ ਕਿਹਾ ਕਿ ਉਹ ਮਨੁੱਖਤਾ ਦੇ ਹੱਕ ਵਿੱਚ ਖੜ੍ਹੇ ਹਨ ਅਤੇ ਕਿਸੇ ਨਾਲ ਵੀ ਜ਼ਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਵੱਲੋਂ ਮਾਮਲਾ ਸਾਹਮਣੇ ਲਿਆਉਣ ਲਈ ਦਿਖਾਏ ਹੌਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਮਜ਼ਦੂਰਾਂ ਦੀ ਕਥਿਤ ਬਕਾਇਆ ਮਜ਼ਦੂਰੀ ਦੀ ਰਕਮ ਦਿਵਾਉਣ ਉਪਰੰਤ ਉਨ੍ਹਾਂ ਨੂੰ ਖਾਣਾ ਖੁਆ ਕੇ ਘਰਾਂ ਵੱਲ ਰਵਾਨਾ ਕਰ ਦਿੱਤਾ ਗਿਆ। ਦੋਵੇਂ ਪ੍ਰਵਾਸੀ ਮਜ਼ਦੂਰਾਂ ਨੇ ਆਲਮਗੀਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਜੋ ਕੁਝ ਵਾਪਰਿਆ, ਉਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਮਦਦ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਦਰਸ਼ਨ ਸਿੰਘ, ਇਕਾਈ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਡਕੌਂਦਾ, ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਡਕੌਂਦਾ, ਚਰਨ ਸਿੰਘ ਚੱਕੀ ਵਾਲੇ, ਦਵਿੰਦਰ ਸਿੰਘ, ਤਪਿੰਦਰ ਸਿੰਘ, ਇਕਬਾਲ ਸਿੰਘ, ਮਨਜੀਤ ਸਿੰਘ, ਤਾਰੀ ਆਲਮਗੀਰ, ਪਿੰਦਾ ਆਲਮਗੀਰ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਬਹਾਦਰ ਸਿੰਘ, ਰਾਮ ਆਸਰਾ ਸਿੰਘ, ਹਰਜੀਤ ਸਿੰਘ, ਨਾਮਦੇਵ ਸਿੰਘ, ਗੁਰਦੀਪ ਸਿੰਘ, ਕਰਮਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
-ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਪ੍ਰਸਿੱਧ ਸਮਾਜ ਸੇਵੀ ਚਰਨ ਸਿੰਘ ਚੱਕੀ ਵਾਲੇ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਮਾਮਲੇ ਵਾਪਰ ਰਹੇ ਹਨ ਤਾਂ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਕਥਿੱਤ ਤੌਰ ’ਤੇ ਮਜ਼ਦੂਰਾਂ ਦੇ ਹੱਕਾਂ ਦਾ ਸ਼ੋਸ਼ਣ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।