- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
10 ਅਕਤੂਬਰ ਦੀ ਰੈਲੀ ’ਚ ਵਧ ਚੜ੍ਹਕੇ ਸ਼ਮੂਲੀਅਤ ਕਰਨ ਦਾ ਐਲਾਨ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਮੰਗਲਵਾਰ ਨੂੰ ਪੀਏਯੂ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਸਥਾਨਕ ਵਿਦਿਆਰਥੀ ਭਵਨ ਵਿਖੇ ਐਗਜੈਕਟਿਵ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਮੈਂਬਰਾਂ ਦੀ ਯਾਦ ਵਿੱਚ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ‘ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਪੰਜਾਬ’ ਵੱਲੋਂ ਸਰਕਾਰ ਦੇ ਟਾਲਮਟੋਲ ਵਾਲੇ ਰਵੱਈਏ ਖ਼ਿਲਾਫ਼ ਸੰਗਰੂਰ ’ਚ 10 ਅਕਤੂਬਰ ਨੂੰ ਕੀਤੀ ਜਾ ਰਹੀ ਰੈਲੀ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਡੀਏ ਦੀ ਅਦਾਇਗੀ ਕਰਨ ਲਈ ਦਿੱਤੇ ਹੁਕਮ ਲਾਗੂ ਨਾ ਕਰਨ ਦੇ ਮਾਮਲੇ ’ਚ ਪਾਈ ਫਿਟਕਾਰ ਨੂੰ ਵੀ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਲਈ ਸ਼ੁੱਭ ਸੰਕੇਤ ਕਰਾਰ ਦਿੱਤਾ। ਜਨਰਲ ਸਕੱਤਰ ਆਸਾ ਸਿੰਘ ਪੰਨੂ ਨੇ ਪਿਛਲੇ ਦਿਨੀ 60 ਤੋਂ 75 ਸਾਲ ਦੀ ਉਮਰ ਵਾਲੇ ਪੈਨਸ਼ਨਰਾਂ ਨੂੰ ਪਿਛਲੇ ਤਨਖ਼ਾਹ ਕਮਿਸ਼ਨ ਦੇ ਰਹਿੰਦੇ ਬਕਾਏ ਉਨ੍ਹਾਂ ਦੇ ਖਾਤਿਆਂ ਵਿੱਚ ਪੈ ਜਾਣ ਦੀ ਜਾਣਕਾਰੀ ਸਾਂਝੀ ਕਰਦਿਆਂ ਬਾਕੀ ਰਹਿੰਦੀਆਂ ਮੰਗਾਂ ਬਾਰੇ ਚੱਲ ਰਹੇ ਸੰਘਰਸ਼ ਬਾਰੇ ਵੀ ਜਾਣੂ ਕਰਵਾਇਆ। ਮਹਿਲ ਸਿੰਘ ਸਿੱਧੂ ਵੱਲੋਂ ਪੈਨਸ਼ਨਰਾਂ ਦੇ ਕਈ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਸਵਰਨ ਸਿੰਘ ਰਾਣਾ ਨੇ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਲਈ 30 ਅਕਤੂਬਰ ਨੂੰ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਜਾਣ ਵਾਲੇ ਮੈਂਬਰਾਂ ਨੂੰ ਆਪਣੇ ਨਾਂ ਦਰਜ ਕਰਵਾਉਣ ਦੀ ਅਪੀਲ ਕੀਤੀ। ਨਵੇਂ ਬਣੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਜ਼ੀਰਖ ਨੇ ਚੋਣ ਕਮਿਸ਼ਨ ਵੱਲੋਂ ਕੀਤੀ ਜਾਂਦੀ ਜਮਹੂਰੀਅਤ ਵਿਰੋਧੀ ਬਿਆਨ ਬਾਜ਼ੀ ਦੀ ਨਿਖੇਧੀ ਕੀਤੀ। ਵੀਐੱਲ ਮੋਰੀਆ, ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ ਮੋਹੀ ਤੇ ਕਰਤਾਰ ਸਿੰਘ ਨੇ ਗੀਤਾਂ ਤੇ ਕਵਿਤਾਵਾਂ ਰਾਹੀਂ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਐੱਮਐੱਸ ਪਰਮਾਰ, ਫ਼ਤਿਹ ਸਿੰਘ, ਤਰਸੇਮ ਸਿੰਘ, ਤਜਿੰਦਰ ਮਹਿੰਦਰੂ, ਬਲਬੀਰ ਸਿੰਘ ਸੁਨੇਤ, ਪ੍ਰੀਤਮਹਿੰਦਰ ਸਿੰਘ, ਕੁਲਵੰਤ ਸਿੰਘ, ਨਛੱਤਰ ਸਿੰਘ ਬਾੜੇਵਾਲ, ਚਮਕੌਰ ਸਿੰਘ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।