- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੂੰ ਉੱਦਮੀ ਬਣਾਉਣ ਲਈ ਤਿੰਨ ਰੋਜ਼ਾ ਬੂਟਕੈਂਪ ਲਾਇਆ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਥੋੜੇ ਸਮੇਂ ਵਿੱਚ ਕਿਸੇ ਵਿਸ਼ੇ ਦੀ ਵਿਹਾਰਕ ਅਤੇ ਗਹਿਰੀ ਸਿਖਲਾਈ ਦੇਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੀ ‘ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ’ ਵੱਲੋਂ ਤਿੰਨ ਰੋਜ਼ਾ ਉੱਦਮਤਾ ਬੂਟਕੈਂਪ ਲਾਇਆ ਗਿਆ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਪ੍ਰਬੰਧਕਾਂ ਅਤੇ ਪ੍ਰਤੀਭਾਗੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਉੱਦਮਤਾ, ਨਵੀਨਤਾ ਤੇ ਸਟਾਰਟਅੱਪ ਵਿਕਾਸ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਯੂਨੀਵਰਸਿਟੀ ਦੇ ਨਵੀਨਤਾ ਤੇ ਉੱਦਮੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫਾਊਂਡੇਸ਼ਨ ਦੇ ਨਿਰਦੇਸ਼ਕ ਡਾ. ਰਾਮ ਸਰਨ ਸੇਠੀ ਨੇ ਉੱਦਮਤਾ ਬੂਟਕੈਂਪਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਤੋਂ ਅੱਗੇ ਵਧ ਕੇ ਅਸਲ-ਸੰਸਾਰ ਦੀਆਂ ਸਮੱਸਿਆਵਾਂ ਨੂੰ ਨਵੀਨਤਾਕਾਰੀ ਹੱਲਾਂ, ਉੱਦਮਾਂ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਤਬਦੀਲ ਕਰਨ ਦੇ ਯੋਗ ਬਣਾਉਂਦੇ ਹਨ। ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਇਕਬਾਲਪ੍ਰੀਤ ਕੌਰ ਸਿੱਧੂ ਅਨੁਸਾਰ ਬੂਟ ਕੈਂਪ ਦੌਰਾਨ ਪ੍ਰਤੀਭਾਗੀਆਂ ਨੂੰ ਸਮੱਸਿਆ ਦੀ ਪਛਾਣ, ਕਾਰੋਬਾਰੀ ਵਿਚਾਰ ਪੈਦਾ ਕਰਨ, ਕਾਰੋਬਾਰੀ ਮਾਡਲ ਵਿਕਸਤ ਕਰਨ, ਮੰਡੀਕਾਰੀ ਤੇ ਸਟਾਰਟਅੱਪ ਸਿਰਜਣ ਸਬੰਧੀ ਵਿਹਾਰਕ ਤਜਰਬਾ ਪ੍ਰਦਾਨ ਕੀਤਾ ਗਿਆ। ਬੂਟਕੈਂਪ ਦਾ ਤਾਲਮੇਲ ਫਾਊਂਡੇਸ਼ਨ ਦੇ ਇਨਕਿਊਬੇਸ਼ਨ ਸਹਿਯੋਗੀ ਡਾ. ਸ਼ੇਖ ਨਸਰੁਲ ਇਸਲਾਮ ਨੇ ਕੀਤਾ। ਲੁਧਿਆਣਾ ਏਂਜਲਸ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਬਾਨੰਦ ਦਾਸ ਨੇ ‘ਸਮੱਸਿਆ ਤੋਂ ਕਾਰੋਬਾਰੀ ਵਿਚਾਰ ਤੱਕ’ ਵਿਸ਼ੇ ’ਤੇ ਪਹਿਲੇ ਸੈਸ਼ਨ ’ਚ ਸਰੋਤ ਵਿਅਕਤੀ ਵਜੋਂ ਭੂਮਿਕਾ ਨਿਭਾਈ। ਸਟੈੱਪ ਜੀਐਨਈ ਦੇ ਕਾਰਜਕਾਰੀ ਨਿਰਦੇਸ਼ਕ ਡਾ. ਅਰਵਿੰਦ ਢੀਂਗਰਾ ਨੇ ‘ਹੱਲ ਤੋਂ ਕਾਰੋਬਾਰ’ ਵਿਸ਼ੇ ’ਤੇ ਸੈਸ਼ਨ ਕਰਵਾਇਆ। ਫੋਰਚੂਨਰ ਫਾਰਮਜ਼ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਰਣਨੀਤੀਕਾਰ ਪੰਕਜ ਨਵਾਨੀ ਨੇ ਇੰਜੀਨੀਅਰ ਤੋਂ ਕਾਰੋਬਾਰੀ ਅਤੇ ਫਿਰ ਉੱਦਮੀ ਬਣਨ ਤੱਕ ਦੇ ਆਪਣੇ ਸਫ਼ਰ ਨੂੰ ਸਾਂਝਾ ਕਰਦਿਆਂ ਪ੍ਰਤੀਭਾਗੀਆਂ ਨੂੰ ਉੱਦਮਤਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਫਾਊਂਡੇਸ਼ਨ ਦੇ ਨਿਰਦੇਸ਼ਕ ਡਾ. ਰਵਿੰਦਰ ਸਿੰਘ ਗਰੇਵਾਲ ਅਨੁਸਾਰ ਫਾਊਂਡੇਸ਼ਨ ਯੂਨੀਵਰਸਿਟੀ ਵਿੱਚ ਉੱਦਮੀ ਸੱਭਿਆਚਾਰ ਪੈਦਾ ਕਰਨ ਲਈ ਵਚਨਬੱਧ ਹੈ।