- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਐੱਮਏ ਨੇ ‘ਏਆਈ ਆਧਾਰਿਤ ਵਿਕਾਸ ਦੇ ਅਗਲੇ ਪੜਾਅ ਲਈ ਸੰਸਥਾਵਾਂ ਦੀ ਉਸਾਰੀ’ ਵਿਸ਼ੇ ’ਤੇ ਮਾਸਟਰਕਲਾਸ ਕਰਵਾਈ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਮੈਨੇਜਮੈਂਟ ਐਸੋਸੀਏਸ਼ਨ (ਐਲਐੱਮਏ) ਵੱਲੋਂ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏਆਈਐੱਮਏ) ਦੇ ਸਹਿਯੋਗ ਨਾਲ ‘ਏਆਈ ਆਧਾਰਿਤ ਵਿਕਾਸ ਦੇ ਅਗਲੇ ਪੜਾਅ ਲਈ ਸੰਸਥਾਵਾਂ ਦੀ ਉਸਾਰੀ’ ਵਿਸ਼ੇ ’ਤੇ ਆਈਐੱਸਬੀ ਮਾਸਟਰਕਲਾਸ ਕਰਵਾਈ। ਇਸ ਮੌਕੇ ਇੰਡੀਅਨ ਸਕੂਲ ਆਫ ਬਿਜ਼ਨਸ (ਆਈਐੱਸਬੀ) ਦੀ ਆਰਗੇਨਾਈਜ਼ੇਸ਼ਨਲ ਬਿਹੇਵੀਅਰ ਦੀ ਕਲੀਨਿਕਲ ਪ੍ਰੋਫੈਸਰ ਪ੍ਰੋ. ਅਸ਼ਨੀਤ ਕੌਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਕੰਮ-ਕਾਜ ’ਚ ਤੇਜ਼ੀ ਨਾਲ ਸ਼ਾਮਲ ਹੋਣ ਦੇ ਦੌਰ ਵਿੱਚ ਸੰਸਥਾਵਾਂ ਨੂੰ ਪ੍ਰਕਿਰਿਆਵਾਂ, ਮਨੁੱਖੀ ਸਰੋਤਾਂ ਤੇ ਲੀਡਰਸ਼ਿਪ ਦੇ ਤਰੀਕਿਆਂ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਏਆਈ ਉਤਪਾਦਕਤਾ ਤੇ ਸਮਰੱਥਾ ਵਧਾਉਣ ’ਚ ਮਦਦਗਾਰ ਹੋ ਸਕਦੀ ਹੈ, ਪਰ ਇਸ ਦੇ ਦੂਰਗਾਮੀ ਪ੍ਰਭਾਵਾਂ ਨੂੰ ਵੀ ਸਮਝਣਾ ਜ਼ਰੂਰੀ ਹੈ। ਉਨ੍ਹਾਂ ਨੇ ਏਆਈ ਨੂੰ ਅਪਣਾਉਣ ਸਬੰਧੀ ‘ਲੁੱਕ ਟਵਾਈਸ’ ਪਹੁੰਚ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤਹਿਤ ਆਗੂਆਂ ਨੂੰ ਏਆਈ ਦੀ ਵਰਤੋਂ ਤੋਂ ਪਹਿਲਾਂ ਇਸ ਨਾਲ ਪੈਦਾ ਹੋਣ ਵਾਲੀ ਵੈਲਿਊ, ਪ੍ਰਕਿਰਿਆਵਾਂ ’ਚ ਤਬਦੀਲੀ, ਸੰਸਥਾ ’ਤੇ ਪ੍ਰਭਾਵ, ਪ੍ਰਯੋਗ, ਗਵਰਨੈਂਸ ਤੇ ਮਨੁੱਖੀ ਫ਼ੈਸਲੇ ਦੀ ਭੂਮਿਕਾ ਦਾ ਮੁੱਲਾਂਕਣ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਮਾਗਮ ਦੀ ਅਗਵਾਈ ਐੱਲਐੱਮਏ ਦੇ ਜਨਰਲ ਸਕੱਤਰ ਸ਼ੋਭਨ ਸੋਈ ਅਤੇ ਪ੍ਰਧਾਨ ਗੌਰਵ ਮੁੰਜਾਲ ਨੇ ਕੀਤੀ। ਸਵਾਗਤੀ ਭਾਸ਼ਣ ਸਵਨੀਤ ਵੱਲੋਂ ਦਿੱਤਾ ਗਿਆ, ਜਦਕਿ ਵੀਕੇ ਗੋਇਲ ਤੇ ਅਨਿਲ ਕੁਮਾਰ ਨੇ ਐਲਐੱਮਏ ਵੱਲੋਂ ਆਈਐੱਸਬੀ ਦੀ ਟੀਮ ਦਾ ਸਵਾਗਤ ਕੀਤਾ। ਐੱਲਐੱਮਏ ਦੀ ਸੀਐੱਸਆਰ ਪਹਿਲਕਦਮੀ ਤਹਿਤ ‘ਪ੍ਰੋਜੈਕਟ ਰੋਸ਼ਨੀ’ ਬਾਰੇ ਵੀ ਜਾਣਕਾਰੀ ਦਿੱਤੀ ਤੇ ਇਸ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਸਮਾਜਿਕ ਯੋਗਦਾਨ ਸਬੰਧੀ ਪੇਸ਼ਕਾਰੀ ਕੀਤੀ ਗਈ। ਆਈਐੱਸਬੀ ਦੇ ਐਸੋਸੀਏਟ ਡਾਇਰੈਕਟਰ ਡਾ. ਸ੍ਰੀਧਰ ਭਗਵਤੁਲਾ ਤੇ ਮੈਨੇਜਰ-ਐਡਮਿਸ਼ਨਜ਼ ਹਰਸ਼ਵਰਧਨ ਸਿੰਘ ਚੌਹਾਨ ਨੇ ਸੰਸਥਾ, ਇਸ ਦੇ ਐਲੂਮਨੀ ਨੈੱਟਵਰਕ ਤੇ ਉਪਲੱਬਧੀਆਂ ਬਾਰੇ ਦੱਸਿਆ। ਮਾਸਟਰਕਲਾਸ ’ਚ ਉਦਯੋਗਪਤੀਆਂ, ਉੱਦਮੀਆਂ ਤੇ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਏਆਈ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਬੁਲਾਰੇ ਨਾਲ ਸਵਾਲ-ਜਵਾਬ ਵੀ ਕੀਤੇ। ਅੰਤ ’ਚ ਐਲਐੱਮਏ ਦੇ ਜਨਰਲ ਸਕੱਤਰ ਸ਼ੋਭਨ ਸੋਈ ਨੇ ਧੰਨਵਾਦੀ ਮਤਾ ਪੇਸ਼ ਕੀਤਾ, ਜਦਕਿ ਪ੍ਰਧਾਨ ਗੌਰਵ ਮੁੰਜਾਲ ਨੇ ਸੰਸਥਾ ਵੱਲੋਂ ਵਿਚਾਰ ਸਾਂਝੇ ਕੀਤੇ। ਡਾ. ਪ੍ਰੇਮ ਕੁਮਾਰ ਤੇ ਐੱਲਐੱਮਏ ਦੇ ਹੋਰ ਅਹੁਦੇਦਾਰਾਂ ਨੇ ਆਈਐੱਸਬੀ ਟੀਮ ਨੂੰ ਯਾਦ-ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।