- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
80 ਕਿਲੋ ਫ੍ਰੋਜ਼ਨ ਖੁਰਾਕ ਨਸ਼ਟ, ਦੋ ਫੂਡ ਯੂਨਿਟਾਂ ’ਤੇ ਫੂਡ ਸੇਫਟੀ ਟੀਮ ਦੀ ਸਖ਼ਤ ਕਾਰਵਾਈ

ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਵਿੱਚ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਸਿਹਤ ਵਿਭਾਗ ਨੇ ਸਖ਼ਤ ਰੁਖ ਅਪਣਾਉਂਦਿਆਂ ਦੋ ਫੂਡ ਯੂਨਿਟਾਂ ਦੀ ਅਚਾਨਕ ਜਾਂਚ ਕੀਤੀ। ਕਾਰਵਾਈ ਦੌਰਾਨ ਵੱਖ-ਵੱਖ ਫ੍ਰੋਜ਼ਨ ਖੁਰਾਕੀ ਪਦਾਰਥਾਂ ਦੇ ਛੇ ਸੈਂਪਲ ਜਾਂਚ ਲਈ ਭੇਜੇ ਗਏ। ਇਸ ਦੇ ਨਾਲ ਹੀ ਸਫ਼ਾਈ ਸਬੰਧੀ ਗੰਭੀਰ ਕਮੀਆਂ ਸਾਹਮਣੇ ਆਉਣ ’ਤੇ 80 ਕਿਲੋ ਫ੍ਰੋਜ਼ਨ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤੀ ਗਈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਅਨਮੋਲ ਫ੍ਰੋਜ਼ਨਜ਼ ਦੀ ਜਾਂਚ ਕੀਤੀ। ਟੀਮ ਵੱਲੋਂ ਚਿੱਲੀ ਪੋਟੈਟੋ ਪੈਟੀ, ਮਸਾਲਾ ਚਾਂਪ, ਸਿਗਾਰ ਰੋਲ ਤੇ ਪੀਜ਼ਾ ਟੌਪਿੰਗ ਦੇ ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਫੂਡ ਲੈਬੋਰੇਟਰੀ ਭੇਜ ਦਿੱਤਾ ਗਿਆ ਹੈ। ਜਾਂਚ ਦੌਰਾਨ ਯੂਨਿਟ ਵਿੱਚ ਸਫ਼ਾਈ ਤੇ ਸਵੱਛਤਾ ਨਾਲ ਸਬੰਧਤ ਕਮੀਆਂ ਵੀ ਸਾਹਮਣੇ ਆਈਆਂ। ਇਨ੍ਹਾਂ ਕਮੀਆਂ ਦੇ ਮੱਦੇਨਜ਼ਰ ਸਬੰਧਤ ਫੂਡ ਬਿਜ਼ਨਸ ਆਪਰੇਟਰ ਖ਼ਿਲਾਫ਼ ਅਨਹਾਈਜੈਨਿਕ ਚਲਾਨ ਜਾਰੀ ਕੀਤਾ ਗਿਆ। ਇਸ ਨਾਲ ਹੀ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ 80 ਕਿੱਲੋ ਫ੍ਰੋਜ਼ਨ ਖੁਰਾਕ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਨਸ਼ਟ ਕਰ ਦਿੱਤਾ ਗਿਆ। ਇਸੇ ਤਰ੍ਹਾਂ ਫੂਡ ਸੇਫਟੀ ਟੀਮ ਵੱਲੋਂ ਬਾਲਾਜੀ ਫੂਡ ਪ੍ਰੋਡਕਟਸ ਦੀ ਵੀ ਜਾਂਚ ਕੀਤੀ ਗਈ। ਇੱਥੋਂ ਵੈੱਜ ਕਟਲੈਟ ਤੇ ਪਨੀਰ ਮੋਮੋਜ਼ ਦੇ ਸੈਂਪਲ ਲੈ ਕੇ ਜਾਂਚ ਲਈ ਫੂਡ ਲੈਬੋਰੇਟਰੀ ਭੇਜੇ ਗਏ। ਜਾਂਚ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਦੂਰ ਕਰਨ ਤੇ ਖੁਰਾਕੀ ਸੁਰੱਖਿਆ ਤੇ ਸਫ਼ਾਈ ਦੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਯੂਨਿਟ ਨੂੰ ਸੁਧਾਰ ਨੋਟਿਸ ਵੀ ਜਾਰੀ ਕੀਤਾ ਗਿਆ। ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਫੂਡ ਯੂਨਿਟਾਂ ਨੂੰ ਖੁਰਾਕੀ ਪਦਾਰਥ ਤਿਆਰ ਕਰਨ ਅਤੇ ਸਟੋਰ ਕਰਨ ਸਮੇਂ ਸਫ਼ਾਈ, ਨਿੱਜੀ ਸਵੱਛਤਾ, ਸੁਰੱਖਿਅਤ ਭੰਡਾਰਨ ਤੇ ਸਹੀ ਤਾਪਮਾਨ ਨਿਯੰਤਰਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਤੇ ਖੁਰਾਕੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੁਰਾਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ’ਚ ਫੂਡ ਯੂਨਿਟਾਂ ਦੀ ਅਚਨਚੇਤ ਜਾਂਚ, ਸੈਂਪਲ ਲੈਣ ਤੇ ਨਿਗਰਾਨੀ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।