- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਵੱਲੋਂ ਮਟਰ ਦੀ ਕਿਸਮ ‘ਪੰਜਾਬ-90’ ਲਈ ਬੀਜ ਕੰਪਨੀ ਨਾਲ ਸਮਝੌਤਾ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਕਿਸਾਨਾਂ ਤਕ ਸੁਧਰੀਆਂ ਸਬਜ਼ੀ ਕਿਸਮਾਂ ਦੀ ਪਹੁੰਚ ਵਧਾਉਣ ਵੱਲ ਇਕ ਹੋਰ ਕਦਮ ਪੁੱਟਦਿਆਂ ਪੰਜਾਬ ਐਗਰੀਕਲਚਰਲ ’ਵਰਸਿਟੀ ਲੁਧਿਆਣਾ ਨੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ/ਡਾਕਖ਼ਾਨਾ ਚੌਰਾ ਸਥਿਤ ਸਾਹਿਬ ਐੱਸਕੇ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ ’ਵਰਸਿਟੀ ਵੱਲੋਂ ਵਿਕਸਤ ਮਟਰ ਦੀ ਕਿਸਮ ‘ਪੰਜਾਬ-90’ ਦੇ ਲਾਇਸੈਂਸ ਸਬੰਧੀ ਸਮਝੌਤਾ ਕੀਤਾ ਹੈ। ਇਸ ਸਮਝੌਤੇ ’ਤੇ ਪੀਏਯੂ ਦੇ ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਤੇ ਬਾਗ਼ਬਾਨੀ) ਡਾ. ਵੀਐੱਸ. ਸੋਹੂ ਅਤੇ ਕੰਪਨੀ ਵੱਲੋਂ ਡਾ. ਗੁਰੂ ਦਿਆਲ ਨੇ ਦਸਤਖ਼ਤ ਕੀਤੇ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ (ਖੇਤੀ ਇੰਜਨੀਅਰਿੰਗ) ਡਾ. ਮਹੇਸ਼ ਕੁਮਾਰ, ਟੈਕਨਾਲੋਜੀ ਮਾਰਕੀਟਿੰਗ ਤੇ ਆਈਪੀਆਰ (ਟੀਐੱਮਆਈਪੀਆਰ) ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਰਨੀ ਤੇ ਸਬਜ਼ੀ ਵਿਗਿਆਨ ਵਿਭਾਗ ਦੇ ਪ੍ਰਿੰਸੀਪਲ ਓਲੇਰੀਕਲਚਰਿਸਟ ਡਾ. ਰਾਜਿੰਦਰ ਕੁਮਾਰ ਵੀ ਹਾਜ਼ਰ ਸਨ। ਸਮਝੌਤੇ ਲਈ ਸਬਜ਼ੀ ਵਿਗਿਆਨ ਵਿਭਾਗ ਨੂੰ ਵਧਾਈ ਦਿੰਦਿਆਂ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀਆਂ ਤੇ ਸੁਧਰੀਆਂ ਕਿਸਮਾਂ ਨੂੰ ਖੋਜ ਖੇਤਰਾਂ ਤੋਂ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਉਦਯੋਗਿਕ ਭਾਈਵਾਲੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਵਪਾਰੀਕਰਨ ਸਮਝੌਤੇ ਨੂੰ ਇਸ ਦਿਸ਼ਾ ’ਚ ਇਕ ਅਹਿਮ ਉਪਰਾਲਾ ਦੱਸਿਆ।
‘ਪੰਜਾਬ-90’ ਕਿਸਮ ਬਾਰੇ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਮੱਧ-ਮੌਸਮੀ ਤੇ ਇਕ ਵਾਰ ਤੁੜਾਈ ਲਈ ਢੁੱਕਵੀਂ ਮਟਰ ਦੀ ਕਿਸਮ ਹੈ। ਇਸ ਦੇ ਪੌਦੇ ਤਾਕਤਵਰ ਹੁੰਦੇ ਹਨ ਤੇ ਪ੍ਰਤੀ ਪੌਦਾ 18 ਤੋਂ 25 ਤੱਕ ਚੰਗੀ ਤਰ੍ਹਾਂ ਭਰੀਆਂ ਫਲੀਆਂ ਲੱਗਦੀਆਂ ਹਨ। ਇਸ ਦੀਆਂ ਫਲੀਆਂ ਗੂੜ੍ਹੇ ਹਰੇ ਰੰਗ ਦੀਆਂ, ਲੰਬੀਆਂ ਅਤੇ ਜੋੜਿਆਂ ’ਚ ਲੱਗਦੀਆਂ ਹਨ। ਹਰੇਕ ਫਲੀ ਵਿੱਚ 8 ਤੋਂ 10 ਦਾਣੇ ਹੁੰਦੇ ਹਨ। ਪਹਿਲੀ ਤੁੜਾਈ ਲਗਭਗ 85 ਤੋਂ 90 ਦਿਨਾਂ ਵਿੱਚ ਸ਼ੁਰੂ ਹੋ ਜਾਂਦੀ ਹੈ। ਛਿੱਲੇ ਹੋਏ ਮਟਰ ਮਿੱਠੇ ਸੁਆਦ ਵਾਲੇ ਹੁੰਦੇ ਹਨ ਤੇ ਇਸ ਦਾ ਸ਼ੈਲਿੰਗ ਆਊਟ ਟਰਨ ਲਗਭਗ 55 ਫ਼ੀਸਦੀ ਹੈ। ਕਈ ਤੁੜਾਈਆਂ ਦੀ ਸਥਿਤੀ ’ਚ ਇਹ ਕਿਸਮ ਪ੍ਰਤੀ ਏਕੜ ਲਗਭਗ 62 ਕੁਇੰਟਲ ਹਰੀਆਂ ਫਲੀਆਂ ਅਤੇ ਇੱਕ ਵਾਰ ਤੁੜਾਈ ’ਚ ਲਗਭਗ 45 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਦੇਣ ਦੇ ਸਮਰੱਥ ਹੈ। ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀਏਯੂ ਵੱਲੋਂ ਵਿਕਸਤ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਕਿਸਾਨਾਂ ਤੇ ਹੋਰ ਸਬੰਧਤ ਧਿਰਾਂ ਵਿੱਚ ਵਿਆਪਕ ਤੌਰ ’ਤੇ ਪ੍ਰਸਿੱਧ ਹਨ।