ਸੀਐੱਮਸੀ ’ਚ 100 ਬੱਚਿਆਂ ਦੇ ਹੋਏ ਅਪ੍ਰੇਸ਼ਨ ਸੀਐਮਸੀ ਹਸਪਤਾਲ ’ਚ 100 ਬੱਚਿਆਂ ਦੇ ਹੋਏ ਅਪਰੇਸ਼ਨ
Publish Date: Mon, 05 Oct 2026 09:38 PM (IST)
Updated Date: Tue, 06 Oct 2026 04:11 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਸੀਐੱਮਸੀ/ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਕ ਡਾ ਵਿਲੀਅਮ ਭੱਟੀ ਦੀ ਅਗਵਾਈ ਹੇਠ ਬੱਚਿਆਂ ਵਾਲਾ ਵਿਭਾਗ ਵੱਲੋਂ ਬੱਚਿਆਂ ਦੇ ਕੀਤੇ ਜਾ ਰਹੇ ਸਫਲ ਅਪਰੇਸ਼ਨਾਂ ਸਬੰਧੀ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬੱਚਿਆਂ ਦੇ ਸਰਜੀਕਲ ਇਲਾਜ ਦੇ 100 ਤੋਂ ਵੱਧ ਸਫਲ ਅਪ੍ਰੇਸ਼ਨ ਕਰਨ ਲਈ ਕ੍ਰਿਸਚੀਅਨ ਮੈਡੀਕਲ ਕਾਲਜ/ ਹਸਪਤਾਲ ਲੁਧਿਆਣਾ ਦੇ ਬਾਲ ਸਰਜਰੀ ਵਿਭਾਗ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਯੋਜਨਾ ਤਹਿਤ ਬੱਚਿਆਂ ਦੇ ਕਈ ਤਰ੍ਹਾਂ ਦੇ ਅਪਰੇਸ਼ਨ ਕੀਤੇ ਗਏ ਹਨ, ਜੋ ਪੂਰੇ ਪੰਜਾਬ ਵਿੱਚ ਬੱਚਿਆਂ ਤੇ ਪਰਿਵਾਰਾਂ ਨੂੰ ਉਨ੍ਹਾਂ ਦੀ ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਵਿਆਪਕ ਅਤੇ ਉੱਚ-ਗੁਣਵੱਤਾ ਵਾਲੀ ਸਰਜੀਕਲ ਦੇਖਭਾਲ ਪ੍ਰਦਾਨ ਕਰਨ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਮੁੱਖ ਸਿਹਤ ਸੰਭਾਲ ਪਹਿਲਕਦਮੀ ‘ਮੁੱਖ ਮੰਤਰੀ ਸਿਹਤ ਯੋਜਨਾ ਦਾ ਉਦੇਸ਼ ਪਰਿਵਾਰਾਂ ਨੂੰ ਇਲਾਜ ਦੇ ਵਿੱਤੀ ਬੋਝ ਤੋਂ ਬਚਾਉਂਦੇ ਹੋਏ ਮਿਆਰੀ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਮਜ਼ਬੂਤ ਕਰਨਾ ਹੈ ਤੇ ਇਸ ਯੋਜਨਾ ਤਹਿਤ ਬੱਚਿਆਂ ਦੇ 100 ਤੋਂ ਵੱਧ ਅਪਰੇਸ਼ਨਾਂ ਦੀ ਇਹ ਪ੍ਰਾਪਤੀ ਉਜਾਗਰ ਕਰਦੀ ਹੈ ਕਿ ਕਿਵੇਂ ਪੰਜਾਬ ਸਰਕਾਰ ਅਤੇ ਸਥਾਪਿਤ ਸਿਹਤ ਸੰਸਥਾਵਾਂ ਵਿਚਕਾਰ ਸਹਿਯੋਗ ਜਨਤਕ ਸਿਹਤ ਨੀਤੀ ਨੂੰ ਬੱਚਿਆਂ ਲਈ ਸਮੇਂ ਸਿਰ ਤੇ ਜੀਵਨ ਬਦਲਣ ਵਾਲੇ ਇਲਾਜ ਵਿੱਚ ਤਬਦੀਲ ਕਰ ਸਕਦਾ ਹੈ। ਹਸਪਤਾਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ, ਡਾ. ਬਲਬੀਰ ਸਿੰਘ ਨੇ ਉਨ੍ਹਾਂ ਦੀ ਉਸ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ ਜਿਸ ਨਾਲ ਇਹ ਯਕੀਨੀ ਬਣਾਇਆ ਕਿ ਸਰਜੀਕਲ ਦੇਖਭਾਲ ਦੀ ਲੋੜ ਵਾਲੇ ਬੱਚਿਆਂ ਨੂੰ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਢੁਕਵਾਂ ਇਲਾਜ ਮਿਲੇ। ਉਨ੍ਹਾਂ ਨੇ ਪੂਰੇ ਰਾਜ ਵਿੱਚ ਪਹੁੰਚਯੋਗ ਅਤੇ ਬਰਾਬਰੀ ਵਾਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਹਸਪਤਾਲ ਦੀ ਡਾਕਟਰੀ ਟੀਮ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਵੱਲੋਂ ਹਸਪਤਾਲ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋੜਵੰਦ ਹਰ ਬੱਚੇ ਤੱਕ ਵਿਸ਼ੇਸ਼ ਬਾਲ ਸਰਜੀਕਲ ਸੇਵਾਵਾਂ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ। ਇਸ ਮੌਕੇ ਹਸਪਤਾਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਡਾ ਵਿਲੀਅਮ ਭੱਟੀ ਦੀ ਅਗਵਾਈ ਹੇਠ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੂੰ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਵਿਧਾਇਕ ਪੱਪੀ ਪ੍ਰਾਸ਼ਰ ਅਤੇ ਸਹਾਇਕ ਸਿਵਲ ਸਰਜਨ ਡਾ ਐਚਐਸ ਸੂਦ ਸਮੇਤ ਹੋਰ ਸੀਨੀਅਰ ਡਾਕਟਰ-ਅਧਿਕਾਰੀ ਅਤੇ ਸ਼ਖ਼ਸੀਅਤਾਂ ਮੌਜੂਦ ਸਨ।