ਮੁੜ ਮਿਲਣ ਦੇ ਵਾਅਦੇ ਨਾਲ ‘ਕਥਾਕਾਰ ਮਿਲਣੀ-2’ ਦੀ ਸਮਾਪਤੀ ਮੁੜ ਮਿਲਣ ਦੇ ਵਾਅਦੇ ਨਾਲ ‘ਕਥਾਕਾਰ ਮਿਲਣੀ-2’ ਦੀ ਸਮਾਪਤੀ
Publish Date: Mon, 05 Oct 2026 09:28 PM (IST)
Updated Date: Tue, 06 Oct 2026 04:11 AM (IST)
5 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬੀ ਭਵਨ ਵਿਖੇ ਕਰਵਾਈ ਗਈ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੀ ਯਾਦ ਨੂੰ ਸਮਰਪਿਤ ‘ਕਥਾਕਾਰ ਮਿਲਣੀ-2’ ਯਾਦਗਾਰੀ ਹੋ ਨਿੱਬੜੀ। ਸਮਾਗਮ ਦੀ ਸ਼ੁਰੂਆਤ ਜਸਵੰਤ ਸਿੰਘ ਜਫ਼ਰ ਡਾਇਰੈਕਟਰ ਭਾਸ਼ਾ ਵਿਭਾਗ , ਮੁੱਖ ਪ੍ਰਬੰਧਕ ਕਹਾਣੀਕਾਰ ਅਲਫ਼ਾਜ਼ ਦੇ ਨਾਲ ਹੋਰ ਅਹੁਦੇਦਾਰਾਂ ਅਤੇ ਮਹਿਮਾਨਾਂ ਵੱਲੋਂ ਸਾਂਝੇ ਤੌਰ ’ਤੇ ਬੂਟਾ ਲਗਾਉਣ ਦੀ ਰਸਮ ਨਾਲ ਹੋਈ। ਬੀਤੇ ਦਿਨ ਸਵਰਗ ਸਿਧਾਰ ਗਏ ਪ੍ਰਸਿੱਧ ਕਹਾਣੀਕਾਰ ਅਤੇ ਵਿਅੰਗਕਾਰ ਕੇਐਲ.ਗਰਗ ਨੂੰ ਸ਼ਰਧਾਂਜਲੀ ਦੇਣ ਉਪਰੰਤ ਪ੍ਰਸਿੱਧ ਆਲੋਚਕ ਅਤੇ ਅਨੁਵਾਦਿਕ ਡਾ. ਜਸਵਿੰਦਰ ਕੌਰ ਬਿੰਦਰਾ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਜਦਕਿ ਖ਼ਾਲਸਾ ਕਾਲਜ ,ਮੁਕਤਸਰ ਦੇ ਪ੍ਰਿੰਸੀਪਲ ਡਾ. ਤਰਲੋਕ ਬੰਧੂ ਨੇ ‘ਕਥਾਕਾਰ ਮਿਲਣੀ’ ਦੇ ਉਦੇਸ਼ ਅਤੇ ਸਾਹਿਤਕ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ। ਪਹਿਲੇ ਸੈਸ਼ਨ ਦਾ ਸੰਚਾਲਨ ਪ੍ਰੋਗਰਾਮ ਦੇ ਸਹਿ-ਕਨਵੀਨਰ ਡਾ. ਕਮਲਜੀਤ ਕੌਰ ਬਾਂਗਾ ਨੇ ਕੀਤਾ। ਇਸ ਮੌਕੇ ਬਲਦੇਵ ਸਿੰਘ ਸੜਕਨਾਮਾ ਨਾਵਲਕਾਰ, ਡਾ. ਬਲਦੇਵ ਸਿੰਘ ਧਾਲੀਵਾਲ ਆਲੋਚਕ, ਐਚਐਸ. ਡਿੰਪਲ ਪ੍ਰੋਗਰਾਮ ਕਨਵੀਨਰ , ਡਾ. ਦੀਪਤੀ ਬਬੂਟਾ ਅਤੇ ਡਾ. ਸੁਖਪਾਲ ਥਿੰਦ ਨੇ ਇਤਿਹਾਸ, ਕਥਾ-ਵਿਧਾ ਅਤੇ ਸਮਕਾਲੀ ਕਹਾਣੀ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਸਾਂਝੇ ਕੀਤੇ। ਭੁਪਿੰਦਰ ਮਾਨ ਨੇ ਸੂਤਰਧਾਰ ਦੀ ਭੂਮਿਕਾ ਨਿਭਾਉਂਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਹਾਣੀ ਦੇ ਪ੍ਰਸੰਗ ਵਿੱਚ ਕਥਾ ਦੀਆਂ ਵੱਖ-ਵੱਖ ਪਰਤਾਂ ਨੂੰ ਸੰਵਾਦ ਰਾਹੀਂ ਸਮਝਣ ਦਾ ਯਤਨ ਕੀਤਾ। ਦੂਜੇ ਸੈਸ਼ਨ ਦੀ ਸ਼ੁਰੂਆਤ ਇਸ ਸਾਲ ਦੇ ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਜਸਪਾਲ ਮਾਨਖੇੜਾ ਨੇ ਮੰਚ ਸੰਚਾਲਨ ਕਰਦਿਆਂ ਕਹਾਣੀ ਨਾਲ ਜੁੜੇ ਸਵਾਲਾਂ ਅਤੇ ਸਰੋਤਿਆਂ ਦੀਆਂ ਜਿਗਿਆਸਾਵਾਂ ਨੂੰ ਸੰਵਾਦ ਦੇ ਰੂਪ ਵਿੱਚ ਅੱਗੇ ਤੋਰਿਆ। ਸਮਾਗਮ ਵਿੱਚ ਕਰੀਬ 50 ਕਥਾਕਾਰਾਂ, ਆਲੋਚਕਾਂ, ਵਿਦਵਾਨਾਂ ਅਤੇ ਪਾਠਕਾਂ ਨੇ ਸ਼ਮੂਲੀਅਤ ਕੀਤੀ। ਚਰਚਾ ਦੌਰਾਨ ਕਹਾਣੀ ਦੀ ਬਦਲ ਰਹੀ ਪ੍ਰਕਿਰਤੀ, ਮੌਜੂਦਾ ਚੁਣੌਤੀਆਂ ਅਤੇ ਭਵਿੱਖੀ ਸੰਭਾਵਨਾਵਾਂ ’ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਨਵੀਂ ਪੀੜ੍ਹੀ ਦੇ ਕਥਾਕਾਰਾਂ ਅਤੇ ਸਥਾਪਤ ਸਾਹਿਤਕਾਰਾਂ ਵਿਚਕਾਰ ਹੋਇਆ ਸਿੱਧਾ ਸੰਵਾਦ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਿਹਾ। ਪੰਜਾਬੀ ਕਥਾ ਅਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਕਹਾਣੀਕਾਰ ਅਤਰਜੀਤ ਸਿੰਘ ਬਠਿੰਡਾ ਅਤੇ ਸਮੁੰਦਰਨਾਮਾ ਫੇਮ ਪਰਮਜੀਤ ਸਿੰਘ ਮਾਨ ਨੂੰ ਉਨ੍ਹਾਂ ਦੀ ਸਾਹਿਤਕ ਸੇਵਾ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ‘ਕਥਾਕਾਰ ਮਿਲਣੀ’ ਦੇ ਮੁੱਖ ਆਯੋਜਕ ਅਤੇ ਪ੍ਰਸਿੱਧ ਕਹਾਣੀਕਾਰ ਅਲਫ਼ਾਜ਼ ਨੇ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਪੰਜਾਬੀ ਕਹਾਣੀ ਦੀ ਅਮੀਰ ਵਿਰਾਸਤ ਨੂੰ ਵਰਤਮਾਨ ਕਥਾ-ਸਿਰਜਣਾ ਨਾਲ ਜੋੜਦਿਆਂ ਕਥਾਕਾਰ ਅਤੇ ਪਾਠਕ ਦਰਮਿਆਨ ਜੀਵੰਤ ਸਾਹਿਤਕ ਸੰਵਾਦ ਨੂੰ ਮਜ਼ਬੂਤ ਕਰਨਾ ਹੈ। ਅੰਤ ਮੌਕੇ ਕਹਾਣੀ ਅਤੇ ਸਾਹਿਤ ਦੇ ਖੇਤਰ ਨਾਲ ਜੁੜੀ ਹਰ ਸ਼ਖ਼ਸੀਅਤ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਕਥਾਕਾਰ ਮੰਚ ਦੇ ਬਾਕੀ ਅਹੁਦੇਦਾਰ ਕਹਾਣੀਕਾਰ ਬਲਵੰਤ ਫਰਵਾਲੀ, ਸੁਖਵਿੰਦਰ, ਆਗਾਜ਼ਬੀਰ, ਰਾਜ ਸੁਖਰਾਜ , ਲਖਵਿੰਦਰ ਵਿਰਕ, ਪਵਿੱਤਰ ਕੌਰ ਮਾਟੀ, ਸਤਵੀਰ ਕੌਰ ਸੱਗੂ, ਤਰਲੋਕ ਬੰਧੂ, ਗੁਰਮਾਨ ਸੈਣੀ ਨੇ ਸਭ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਮਿਲਣ ਦਾ ਵਾਅਦਾ ਕੀਤਾ। ----