- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਿੱਟੇ ਦਿਨ ਐਗਰੋ ਸਰਵਿਸ ਦੀ ਦੁਕਾਨ ਅੰਦਰ ਵੜੇ ਬਦਮਾਸ਼

-ਵਿਰੋਧ ਕਰਨ 'ਤੇ ਕੀਤਾ ਹਮਲਾ, ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਪੱਖੋਵਾਲ ਰੋਡ 'ਤੇ ਲਲਤੋਂ ਨੇੜੇ ਦੋ ਬਦਮਾਸ਼ ਐਗਰੋ ਸਰਵਿਸ ਦੀ ਦੁਕਾਨ ਅੰਦਰ ਗਾਹਕ ਬਣ ਕੇ ਦਾਖਲ ਹੋਏ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਕਿਸਾਨੀ ਨਾਲ ਸਬੰਧਤ ਸੰਦ-ਸਾਮਾਨ ਵੇਚਣ ਵਾਲੀ ਸ਼ਾਰਦਾ ਐਗਰੋ ਸਰਵਿਸ 'ਚ ਦਾਖਲ ਹੋਏ ਦੋਵੇਂ ਨੌਜਵਾਨਾਂ ਨੇ ਪਹਿਲਾਂ ਸਾਮਾਨ ਦੇਖਣ ਦੇ ਬਹਾਨੇ ਦੁਕਾਨਦਾਰ ਨੂੰ ਗੱਲਾਂ 'ਚ ਲਾਈ ਰੱਖਿਆ ਤੇ ਫਿਰ ਮੌਕਾ ਦੇਖ ਕੇ ਇਕ ਨੇ ਦੁਕਾਨ ਦਾ ਗੇਟ ਅੰਦਰੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਦੋਵਾਂ ਨੇ ਦੁਕਾਨ ਦੇ ਮਾਲਕ ਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੋਹਿੰਦਰ ਕੁਮਾਰ ਸ਼ਾਰਦਾ ਨਾਲ ਕੁੱਟਮਾਰ ਕੀਤੀ। ਇਕ ਬਦਮਾਸ਼ ਨੇ ਆਰੀ ਦੇ ਬਲੇਡ ਨਾਲ ਉਨ੍ਹਾਂ ਦੇ ਮੱਥੇ 'ਤੇ ਵਾਰ ਕਰ ਦਿੱਤਾ। ਹਮਲੇ 'ਚ ਡਾ. ਸ਼ਾਰਦਾ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੇ ਮੱਥੇ 'ਤੇ ਕਈ ਟਾਂਕੇ ਲੱਗੇ। ਦੂਜੇ ਪਾਸੇ ਪੂਰੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ। ਡਾ. ਮੋਹਿੰਦਰ ਕੁਮਾਰ ਸ਼ਾਰਦਾ ਅਨੁਸਾਰ ਬੀਤੇ ਦਿਨ ਸਵੇਰ ਵੇਲੇ ਉਹ ਆਪਣੀ ਦੁਕਾਨ 'ਤੇ ਮੌਜੂਦ ਸਨ। ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਅੰਦਰ ਆਏ ਤੇ ਕਿਸਾਨੀ ਨਾਲ ਸਬੰਧਤ ਸੰਦ-ਸਾਮਾਨ ਦੇਖਣ ਲੱਗ ਪਏ। ਉਨ੍ਹਾਂ ਨੇ ਦੋਵਾਂ ਨੂੰ ਆਮ ਗਾਹਕ ਸਮਝਦਿਆਂ ਸਾਮਾਨ ਦਿਖਾਉਣਾ ਜਾਰੀ ਰੱਖਿਆ। ਇਸੇ ਦੌਰਾਨ ਉਨ੍ਹਾਂ ਦੇ ਜਾਣਕਾਰ ਦਾ ਇਕ ਮੁਲਾਜ਼ਮ ਵਰਮੀ ਕੰਪੋਸਟ ਖਾਦ ਲੈਣ ਲਈ ਦੁਕਾਨ ਦੇ ਬਾਹਰ ਆਇਆ। ਉਹ ਦੁਕਾਨ ਦੇ ਸਾਈਨ ਬੋਰਡ ਦੀ ਬਾਹਰੋਂ ਵੀਡੀਓ ਬਣਾਉਣ ਲੱਗ ਪਿਆ। ਮੁਲਾਜ਼ਮ ਨੂੰ ਦੇਖਣ ਤੋਂ ਬਾਅਦ ਅੰਦਰ ਮੌਜੂਦ ਦੋਵੇਂ ਨੌਜਵਾਨ ਚੌਕਸ ਹੋ ਗਏ।
-ਬਾਕਸ-
-ਗੇਟ ਬੰਦ ਕਰਨ ਲੱਗੇ ਤਾਂ ਕੀਤਾ ਵਿਰੋਧ
ਡਾ. ਸ਼ਾਰਦਾ ਮੁਤਾਬਕ ਕਰਮਚਾਰੀ ਦੇ ਕੁਝ ਦੂਰੀ 'ਤੇ ਜਾਂਦੇ ਹੀ ਇਕ ਨੌਜਵਾਨ ਨੇ ਦੁਕਾਨ ਦਾ ਸ਼ੀਸ਼ੇ ਵਾਲਾ ਗੇਟ ਅੰਦਰੋਂ ਬੰਦ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਦੋਵਾਂ ਨੇ ਉਨ੍ਹਾਂ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਬਦਮਾਸ਼ ਨੇ ਦੂਜੇ ਨੂੰ ਕਿਹਾ ਕਿ “ਇਸ ਨੂੰ ਤਾਰ ਨਾਲ ਬੰਨ੍ਹ ਦਿਓ।” ਇਸ ਤੋਂ ਬਾਅਦ ਡਾ. ਸ਼ਾਰਦਾ ਨੇ ਦੋਵਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੁਤਾਬਕ ਦੋਵਾਂ ਕੋਲ ਪਿਸਤੌਲ ਵੀ ਸਨ। ਇਸੇ ਦੌਰਾਨ ਇਕ ਬਦਮਾਸ਼ ਨੇ ਆਰੀ ਦੇ ਬਲੇਡ ਨਾਲ ਉਨ੍ਹਾਂ ਦੇ ਮੱਥੇ 'ਤੇ ਵਾਰ ਕਰ ਦਿੱਤਾ।
-ਖੂਨ ਨਾਲ ਲਥਪਥ ਹਾਲਤ 'ਚ ਹਸਪਤਾਲ ਪੁੱਜੇ
ਹਮਲੇ ਦੇ ਬਾਵਜੂਦ ਡਾ. ਸ਼ਾਰਦਾ ਨੇ ਦੋਵਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਦੋਵੇਂ ਬਦਮਾਸ਼ ਗਾਲ੍ਹਾਂ ਤੇ ਧਮਕੀਆਂ ਦਿੰਦੇ ਹੋਏ ਸਕੂਟਰ 'ਤੇ ਫਰਾਰ ਹੋ ਗਏ। ਹਮਲੇ 'ਚ ਜ਼ਖਮੀ ਡਾ. ਸ਼ਾਰਦਾ ਖੂਨ ਨਾਲ ਲਥਪਥ ਹਾਲਤ 'ਚ ਨੇੜਲੇ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਮੱਥੇ 'ਤੇ ਅੱਠ ਟਾਂਕੇ ਲਗਾਏ।
-ਬਾਕਸ-
-ਮੋਬਾਈਲ ਤੇ ਪੰਜ ਹਜ਼ਾਰ ਦੀ ਨਕਦੀ ਲੈ ਗਏ
ਵਾਰਦਾਤ ਤੋਂ ਬਾਅਦ ਬਦਮਾਸ਼ਾਂ ਨੇ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ। ਹਾਲਾਂਕਿ ਫਰਾਰ ਹੋਣ ਦੀ ਕਾਹਲੀ 'ਚ ਉਨ੍ਹਾਂ ਕੋਲੋਂ ਡੀਵੀਆਰ ਅਤੇ ਕੁਝ ਹੋਰ ਸਾਮਾਨ ਡਿੱਗ ਗਿਆ। ਦੋਵੇਂ ਦੁਕਾਨ 'ਚੋਂ ਇਕ ਮੋਬਾਈਲ ਫੋਨ ਅਤੇ ਪੰਜ ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
-ਬਾਕਸ-
-ਲੁਟੇਰਿਆਂ ਦਾ ਸਕੂਟਰ ਵੀ ਚੋਰੀ ਦਾ ਨਿਕਲਿਆ
ਚੌਕੀ ਲਲਤੋਂ ਦੇ ਇੰਚਾਰਜ ਸਾਰਜ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਪੜਤਾਲ 'ਚ ਜੁਟੀ ਹੋਈ ਹੈ। ਜਾਂਚ ਦੌਰਾਨ ਵਾਰਦਾਤ 'ਚ ਵਰਤੀ ਗਈ ਐਕਟਿਵਾ ਦਾ ਨੰਬਰ ਟਰੇਸ ਕੀਤਾ। ਨੰਬਰ ਦੇ ਆਧਾਰ 'ਤੇ ਐਕਟਿਵਾ ਦੇ ਮਾਲਕ ਤੱਕ ਪੁੱਜਣ 'ਤੇ ਪਤਾ ਲੱਗਾ ਕਿ ਸਕੂਟਰ ਕੁਝ ਸਮਾਂ ਪਹਿਲਾਂ ਚੋਰੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਹੋਰ ਡੂੰਘਾਈ ਨਾਲ ਖੰਗਾਲਿਆ ਜਾ ਰਿਹਾ ਹੈ ਅਤੇ ਟੈਕਨੀਕਲ ਤਰੀਕੇ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕੇਸ ਦੇ ਨੇੜੇ ਪਹੁੰਚ ਚੁੱਕੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਜਾਵੇਗਾ।