- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਦਾ ਬੌਟਮ:ਢੋਕਾ ਮੁਹੱਲੇ ਦੀ ਸੀਵਰੇਜ ਸਮੱਸਿਆ ’ਤੇ ਲੋਕਾਂ 'ਚ ਭੜਕਿਆ ਰੋਸ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਢੋਕਾ ਮੁਹੱਲੇ ਦੀਆਂ 8, 9 ਅਤੇ 10 ਨੰਬਰ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਢੇ ਨਾਲੇ ’ਤੇ ਬੰਨ੍ਹ ਮਾਰਨ ਕਾਰਨ ਪੈਦਾ ਹੋਈ ਇਸ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਸਥਾਨਕ ਵਸਨੀਕ ਸੋਮਵਾਰ ਨੂੰ ਨਗਰ ਨਿਗਮ ਜ਼ੋਨ-ਬੀ ਵਿਖੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਡੇਅਰੀ ਮਾਲਕਾਂ ਨਾਲ ਸੰਤ ਸੀਚੇਵਾਲ ਦੀ ਮੀਟਿੰਗ ਚੱਲ ਰਹੀ ਸੀ।
ਮੀਟਿੰਗ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਢੋਕਾ ਮੁਹੱਲੇ ਦੇ ਲੋਕਾਂ ਦੀ ਸੀਵਰੇਜ ਸਮੱਸਿਆ ਦਾ ਮੁੱਦਾ ਚੁੱਕਿਆ। ਇਸ ’ਤੇ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮੌਕੇ ’ਤੇ ਲਿਜਾ ਕੇ ਹਾਲਾਤ ਦਿਖਾਏ ਜਾਣ ਤਾਂ ਸਮੱਸਿਆ ਦੇ ਹੱਲ ਲਈ ਕਾਰਵਾਈ ਕੀਤੀ ਜਾ ਸਕੇ। ਕੌਂਸਲਰ ਅਰੁਣ ਸ਼ਰਮਾ ਦੀ ਅਗਵਾਈ ਵਿੱਚ ਢੋਕਾ ਮੁਹੱਲੇ ਦੇ ਵਸਨੀਕ ਨਗਰ ਨਿਗਮ ਜ਼ੋਨ-ਬੀ ਦੇ ਵਿਹੜੇ ਵਿੱਚ ਕਰੀਬ ਤਿੰਨ ਘੰਟਿਆਂ ਤੱਕ ਸੰਤ ਸੀਚੇਵਾਲ ਦੀ ਉਡੀਕ ਕਰਦੇ ਰਹੇ। ਬਾਅਦ ਵਿੱਚ ਸੰਤ ਸੀਚੇਵਾਲ ਉਨ੍ਹਾਂ ਨੂੰ ਮਿਲਣ ਪਹੁੰਚੇ ਅਤੇ ਕੁਝ ਸਮਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਵਸਨੀਕਾ ਨੇ ਉਨ੍ਹਾਂ ਨੂੰ ਮੌਕੇ ’ਤੇ ਚੱਲ ਕੇ ਸੀਵਰੇਜ ਦੀ ਸਥਿਤੀ ਦੇਖਣ ਦੀ ਅਪੀਲ ਕੀਤੀ ਪਰ ਸੰਤ ਸੀਚੇਵਾਲ ਮੌਕੇ ’ਤੇ ਜਾ ਕੇ ਹਾਲਾਤ ਦੇਖਣ ਦੀ ਬਜਾਏ ਆਪਣੀ ਕਾਰ ਵਿੱਚ ਬੈਠ ਕੇ ਚਲੇ ਗਏ, ਜਿਸ ਤੋਂ ਬਾਅਦ ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ‘ਸੰਤ ਸੀਚੇਵਾਲ ਮਾਡਲ’ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਫੇਲ੍ਹ ਦੱਸਿਆ। ਰੋਸ ਮੁਜ਼ਾਹਰਾ ਕਰਦੇ ਲੋਕਾਂ ਨੇ ਕਿਹਾ ਕਿ ਜੇਕਰ ਮੁਹੱਲੇ ਦੀ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਕਰਨਾ ਹੈ, ਤਾਂ ਜ਼ਮੀਨੀ ਹਾਲਾਤ ਦਾ ਮੌਕੇ ’ਤੇ ਜਾਇਜ਼ਾ ਲੈਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਹੁਣ ਸਿਰਫ਼ ਭਰੋਸਿਆਂ ਦੀ ਨਹੀਂ, ਸਗੋਂ ਸਮੱਸਿਆ ਦੇ ਸਥਾਈ ਹੱਲ ਦੀ ਲੋੜ ਹੈ। ਇਸ ਮੌਕੇ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਅਰੁਣ ਸ਼ਰਮਾ, ਕੌਂਸਲਰ ਡੀ.ਕੇ. ਸੋਨੂੰ ਤੋਂ ਇਲਾਵਾ ਮਨਜੀਤ ਸਿੰਘ ਲੱਕੀ, ਜਗਜੀਤ ਕੌਰ, ਰਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ ਮੌਜੂਦ ਸਨ।