- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1208 ਆਊਟਸੋਰਸ ਸਫਾਈ ਕਰਮਚਾਰੀ, ਫਿਰ ਵੀ ਸ਼ਹਿਰ ਜੂਝ ਰਿਹੈ ਗੰਦਗੀ ਨਾਲ-ਮੌਦਗਿੱਲ

-ਭਾਰਤੀ ਜਨਤਾ ਪਾਰਟੀ ਨੇ ਮੰਗੀ ਭਰਤੀ ਤੋਂ ਡਿਊਟੀ ਤੱਕ ਦੀ ਪੂਰੀ ਜਾਂਚ ਰਿਪੋਰਟ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਨਿਗਮ ਵਿੱਚ ਆਊਟਸੋਰਸ ਰਾਹੀਂ ਰੱਖੇ ਗਏ 1208 ਸਫਾਈ ਕਰਮਚਾਰੀਆਂ ਦੀ ਭਰਤੀ ਤੇ ਉਨ੍ਹਾਂ ਦੀ ਡਿਊਟੀ ਦੀ ਜਾਂਚ ਦੀ ਮੰਗ ਨੂੰ ਲੈ ਕੇ ਭਾਜਪਾ ਨੇ ਨਗਰ ਨਿਗਮ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਨੇ ਕਿਹਾ ਕਿ ਜੇਕਰ ਨਿਗਮ ’ਚ 1208 ਸਫਾਈ ਕਰਮਚਾਰੀ ਤਾਇਨਾਤ ਹਨ ਤਾਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਫਾਈ ਵਿਵਸਥਾ ਬਦਹਾਲ ਕਿਉਂ ਹੈ। ਭਾਜਪਾ ਜ਼ਿਲ੍ਹਾ ਦਫ਼ਤਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੋਦਗਿੱਲ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਤਾਇਨਾਤੀ ਕਿਹੜੇ ਵਾਰਡਾਂ ਤੇ ਕਿਹੜੇ ਇਲਾਕਿਆਂ ਵਿੱਚ ਕੀਤੀ ਗਈ ਹੈ, ਇਸ ਦੀ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਨਿਗਮ ਦੇ ਖ਼ਜ਼ਾਨੇ ਵਿੱਚੋਂ ਹਰ ਮਹੀਨੇ ਕਰੋੜਾਂ ਰੁਪਏ ਸਫਾਈ ਮੁਲਾਜ਼ਮਾਂ ਦੀ ਤਨਖਾਹ ’ਤੇ ਖਰਚ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਉਮੀਦ ਮੁਤਾਬਕ ਸੁਧਾਰ ਨਜ਼ਰ ਨਹੀਂ ਆ ਰਿਹਾ। ਪ੍ਰਧਾਨ ਮੋਦਗਿੱਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਨੂੰ ਵੀ ਆਪਣੇ ਵਾਰਡਾਂ ਵਿੱਚ ਕੰਮ ਕਰ ਰਹੇ ਆਊਟਸੋਰਸ ਸਫਾਈ ਕਰਮਚਾਰੀਆਂ ਦੀ ਗਿਣਤੀ ਬਾਰੇ ਪੂਰੀ ਜਾਣਕਾਰੀ ਨਾ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਭਾਜਪਾ ਵੱਲੋਂ ਨਗਰ ਨਿਗਮ ਤੋਂ 1208 ਕਰਮਚਾਰੀਆਂ ਦੇ ਨਾਮ, ਵਾਰਡ, ਡਿਊਟੀ ਸਥਾਨ ’ਤੇ ਨਿਯੁਕਤੀ ਨਾਲ ਸਬੰਧਤ ਪੂਰਾ ਰਿਕਾਰਡ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਊਟਸੋਰਸ ਸਫਾਈ ਕਰਮਚਾਰੀਆਂ ਨੂੰ ਐਸਐਸ ਪ੍ਰੋਵਾਈਡ ਏਜੰਸੀ ਰਾਹੀਂ ਰੱਖਿਆ ਹੈ। ਨਗਰ ਨਿਗਮ ਤੇ ਸਬੰਧਤ ਏਜੰਸੀ ਤੋਂ ਕਰਮਚਾਰੀਆਂ ਦੀ ਸੂਚੀ ਦੋ ਵਾਰ ਮੰਗੀ ਜਾ ਚੁੱਕੀ ਹੈ। ਜੇਕਰ ਸੂਚੀ ਦੇਣ ਵਿੱਚ ਆਨਾਕਾਨੀ ਕੀਤੀ ਜਾਂਦੀ ਹੈ ਤਾਂ ਭਾਜਪਾ ਵੱਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
-ਬਾਕਸ-
ਡੇਢ ਤੋਂ ਦੋ ਲੱਖ ਰੁਪਏ ਲੈਣ ਦੇ ਦੋਸ਼ਾਂ ਦੀ ਜਾਂਚ ਦੀ ਮੰਗ
ਸੁਨੀਲ ਮੋਦਗਿੱਲ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਤੋਂ ਕਥਿਤ ਤੌਰ ’ਤੇ ਡੇਢ ਤੋਂ ਦੋ ਲੱਖ ਰੁਪਏ ਲੈ ਕੇ ਆਊਟਸੋਰਸ ਸਫਾਈ ਕਰਮਚਾਰੀ ਵਜੋਂ ਭਰਤੀ ਕਰਵਾਉਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਹੋਰ ਵਿਅਕਤੀ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
-ਨਿਗਮ ਮੇਅਰ ਹਾਊਸ ਦੇ ਬਾਹਰ ਧਰਨਾ ਅੱਜ
ਪ੍ਰਧਾਨ ਸੁਨੀਲ ਮੌਦਗਿਲ ਨੇ ਕਿਹਾ ਕਿ ਭਾਜਪਾ ਵੱਲੋਂ ਇਸ ਮੁੱਦੇ ਨੂੰ ਪੰਜਾਬ ਪੱਧਰ ’ਤੇ ਵੀ ਉਠਾਇਆ ਜਾਵੇਗਾ। 6 ਅਕਤੂਬਰ ਨੂੰ ਮੇਅਰ ਹਾਊਸ ਵਿਖੇ ਹੋਣ ਵਾਲੀ ਐਫਐਂਡਸੀਸੀ ਦੀ ਮੀਟਿੰਗ ਦੇ ਬਾਹਰ ਭਾਜਪਾ ਵੱਲੋਂ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਤੋਂ 1208 ਆਊਟਸੋਰਸ ਸਫਾਈ ਕਰਮਚਾਰੀਆਂ ਦਾ ਪੂਰਾ ਰਿਕਾਰਡ ਜਨਤਕ ਕਰਨ ਦੀ ਮੰਗ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਕੌਂਸਲਰ ਦਲ ਦੀ ਨੇਤਾ ਪੂਨਮ ਰਤੜਾ, ਉਪਨੇਤਾ ਰੋਹਿਤ ਸਿੱਕਾ, ਜ਼ਿਲ੍ਹਾ ਜਨਰਲ ਸਕੱਤਰ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਪ੍ਰੈਸ ਸਕੱਤਰ ਡਾ. ਸਤੀਸ਼ ਕੁਮਾਰ, ਸਕੱਤਰ ਵਿੱਕੀ ਸਹੋਤਾ ਅਤੇ ਲਲਿਤ ਚੌਹਾਨ ਮੌਜੂਦ ਸਨ। ਸੂਬਾ ਜਨਰਲ ਸਕੱਤਰ ਜੀਵਨ ਗਰਗ ਵੀ ਪ੍ਰੈਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।