- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ਯੂਨੀਵਰਸਿਟੀ ਨੇ ਕਰਵਾਈ ‘ਨਸ਼ਾ ਮੁਕਤੀ ਸਿਹਤ ਯਾਤਰਾ'

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ-100 ਸੰਕਲਪ ਅਭਿਆਨ ਤਹਿਤ ਇੱਕ 'ਨਸ਼ਾ ਮੁਕਤੀ ਸਿਹਤ ਪੈਦਲ ਯਾਤਰਾ' ਕਰਵਾਈ। ਇਹ ਉਪਰਾਲਾ 'ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ' ਦੇ ਸੱਦੇ 'ਤੇ, 'ਮਾਈ ਭਾਰਤ' ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ, ਨੌਜਵਾਨਾਂ ਨੂੰ ਇੱਕ ਸਿਹਤਮੰਦ, ਸਰਗਰਮ ਅਤੇ ਨਸ਼ਾ-ਮੁਕਤ ਭਾਰਤ ਲਈ ਲਾਮਬੰਦ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ ਤੇ ਵਿੱਦਿਅਕ ਭਲਾਈ ਲਈ ਨਸ਼ਾ-ਮੁਕਤ ਕੈਂਪਸ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਤੇ ਸਿਹਤਮੰਦ ਤੇ ਨਸ਼ਾ-ਮੁਕਤ ਭਾਰਤ ਦੇ ਸਰਗਰਮ ਰਾਜਦੂਤ ਬਣ ਕੇ 'ਵਿਕਸਿਤ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ’ਚ ਯੋਗਦਾਨ ਪਾਉਣ ਲਈ ਪ੍ਰੇਰਿਆ। ਯੂਨੀਵਰਸਿਟੀ ਕੈਂਪਸ ਵਿੱਚੋਂ ਲੰਘਦਿਆਂ ਪ੍ਰਤੀਭਾਗੀਆ ਨੇ ਨਸ਼ਾਮੁਕਤ ਸਮਾਜ ਦਾ ਸੰਦੇਸ਼ ਦਿੱਤਾ ਅਤੇ ਆਪਣੇ ਸਾਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ। ਮੁੱਖ ਹੋਸਟਲ ਵਾਰਡਨ ਡਾ. ਨਿਤਿਨ ਦੇਵ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਪ੍ਰੋਗਰਾਮ ਦਾ ਪ੍ਰਬੰਧ 'ਨਸ਼ਾ-ਮੁਕਤ ਯੂਨੀਵਰਸਿਟੀ ਕੈਂਪਸ ਲਈ ਨਸ਼ਾ-ਵਿਰੋਧੀ ਕਮੇਟੀ' ਦੇ ਸਿਰਮੌਰ ਅਧਿਕਾਰੀ ਡਾ. ਹਰਕੀਰਤ ਸਿੰਘ ਵੱਲੋਂ ਕੀਤਾ ਗਿਆ। ਡਾ. ਜਸਪਾਲ ਸਿੰਘ ਹੁੰਦਲ ਵਿਦਿਆਰਥੀ ਭਲਾਈ ਨਿਰਦੇਸ਼ਕ ਨੇ ਵਿਦਿਆਰਥੀਆਂ ਦੀ ਉਤਸ਼ਾਹਜਨਕ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਇੱਕ ਸਿਹਤਮੰਦ ਤੇ ਮਜ਼ਬੂਤ ਸਮਾਜ ਦੀ ਸਿਰਜਣਾ ਲਈ ’ਵਰਸਿਟੀ ਭਾਈਚਾਰੇ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦੀ ਹੈ।