- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਤੇ ਕਾਂਗਰਸ ਕੋਲ ਪੰਜਾਬ ਲਈ ਨਾ ਸਪੱਸ਼ਟ ਦਿਸ਼ਾ, ਨਾ ਵਿਚਾਰਧਾਰਾ- ਰਿੰਕੂ ਸਿਆਲ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਿੰਕੂ ਸਿਆਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੀਆਂ ਨੀਤੀਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਵਾਅਦਿਆਂ ਦੀ ਨਹੀਂ, ਸਗੋਂ ਸਪੱਸ਼ਟ ਸੋਚ, ਮਜ਼ਬੂਤ ਅਗਵਾਈ ਅਤੇ ਜ਼ਮੀਨੀ ਪੱਧਰ ’ਤੇ ਨਜ਼ਰ ਆਉਣ ਵਾਲੇ ਵਿਕਾਸ ਦੀ ਲੋੜ ਹੈ। ਸਿਆਲ ਅਨੁਸਾਰ “ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਮਿੱਟੀ, ਲੋਕਾਂ ਅਤੇ ਸੂਬੇ ਦੇ ਮੁੱਦਿਆਂ ਨਾਲ ਜੁੜੀ ਪਾਰਟੀ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਕੋਲ ਕਾਨੂੰਨ-ਵਿਵਸਥਾ ਮਜ਼ਬੂਤ ਕਰਨ, ਸਨਅਤ ਤੇ ਵਪਾਰ ਨੂੰ ਉਤਸ਼ਾਹਿਤ ਕਰਨ ਤੇ ਪੰਜਾਬ ਦੇ ਵਿਕਾਸ ਨੂੰ ਗਤੀ ਦੇਣ ਦਾ ਤਜਰਬਾ ਤੇ ਸਮਰੱਥਾ ਹੈ। ਲੋਕ ਹੁਣ ਸਿਰਫ਼ ਸਿਆਸੀ ਨਾਅਰੇ ਨਹੀਂ, ਸਗੋਂ ਕੰਮ ਦੇ ਨਤੀਜੇ ਚਾਹੁੰਦੇ ਹਨ। ਸਿਆਲ ਨੇ ਦੋਸ਼ ਲਾਇਆ ਕਿ ‘ਆਪ’ ਤੇ ਕਾਂਗਰਸ ਦੋਵਾਂ ਕੋਲ ਪੰਜਾਬ ਨੂੰ ਲੈ ਕੇ ਸਪੱਸ਼ਟ ਵਿਚਾਰਧਾਰਾ ਤੇ ਦਿਸ਼ਾ ਦੀ ਘਾਟ ਹੈ। ਅਕਾਲੀ ਦਲ ਦੀ ਜ਼ਿੰਮੇਵਾਰੀ ਪੰਜਾਬ ਦੇ ਹੱਕਾਂ, ਕਿਸਾਨਾਂ, ਵਪਾਰੀਆਂ, ਉਦਯੋਗ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਚੁੱਕਣਾ ਹੈ। ਸਿਆਲ ਨੇ ਪਾਰਟੀ ਵਰਕਰਾਂ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਪਾਰਟੀ ਪੱਧਰ ’ਤੇ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰੱਖਿਆ ਅਤੇ ਸੂਬੇ ਦੇ ਵਿਕਾਸ ਲਈ ਅਕਾਲੀ ਦਲ ਆਪਣੀ ਭੂਮਿਕਾ ਲਗਾਤਾਰ ਨਿਭਾਉਂਦਾ ਰਹੇਗਾ।