- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦਾ ਬੌਟਮ:ਬੁੱਢੇ ਦਰਿਆ ’ਚ ਗੋਬਰ ਸੁੱਟਣ ਵਾਲਿਆਂ ’ਤੇ ਹੋਵੇਗੀ ਕਾਰਵਾਈ, ਡੇਅਰੀ ਮਾਲਕਾਂ ਨੂੰ ਸਖ਼ਤ ਹਦਾਇਤ

-ਹੈਬੋਵਾਲ ਤੇ ਤਾਜਪੁਰ ਰੋਡ ’ਤੇ ਬਾਇਓਗੈਸ ਪਲਾਂਟਾਂ ਦਾ ਕੰਮ ਤੇਜ਼ ਕਰਨ ਦੇ ਹੁਕਮ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਬੁੱਢਾ ਦਰਿਆ ਦੀ ਕਾਇਆਕਲਪ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਤੇ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸੋਮਵਾਰ ਨੂੰ ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਡੇਅਰੀ ਮਾਲਕਾਂ ਨਾਲ ਸਮੀਖਿਆ ਮੀਟਿੰਗ ਕੀਤੀ। ਨਿਗਮ ਦੇ ਜ਼ੋਨ-ਬੀ ਦਫ਼ਤਰ, ਸ਼ਿੰਗਾਰ ਸਿਨੇਮਾ ਨੇੜੇ ਹੋਈ। ਮੀਟਿੰਗ ਦੌਰਾਨ ਡੇਅਰੀ ਮਾਲਕਾਂ ਨੂੰ ਬੁੱਢੇ ਦਰਿਆ ਅਤੇ ਸੀਵਰੇਜ ਲਾਈਨਾਂ ਵਿੱਚ ਗੋਬਰ ਸੁੱਟਣ ਤੋਂ ਸਖ਼ਤੀ ਨਾਲ ਰੋਕਿਆ ਗਿਆ। ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਗੋਬਰ ਨਿਗਮ ਵੱਲੋਂ ਡੇਅਰੀ ਕੰਪਲੈਕਸਾਂ ਤੋਂ ਗੋਹਾ ਚੁੱਕਣ ਲਈ ਨਿਯੁਕਤ ਕੀਤੇ ਠੇਕੇਦਾਰ ਨੂੰ ਹੀ ਸੌਂਪਣ। ਠੇਕੇਦਾਰ ਨੂੰ ਵੀ ਗੋਬਰ ਚੁੱਕਣ ਲਈ ਲੁੜੀਂਦੀਆਂ ਗੱਡੀਆਂ ਅਤੇ ਹੋਰ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸਾਂ ਵਿੱਚ ਬਾਇਓਗੈਸ ਪਲਾਂਟ ਸਥਾਪਤ ਕਰਨ ਨਾਲ ਸਬੰਧਤ ਪ੍ਰੋਜੈਕਟਾਂ ਦਾ ਕੰਮ ਵੀ ਤੇਜ਼ ਕਰਨ ਦੇ ਹੁਕਮ ਦਿੱਤੇ।
ਅਧਿਕਾਰੀਆਂ ਨੇ ਕਿਹਾ ਕਿ ਸੀਵਰੇਜ ਲਾਈਨਾਂ ਵਿੱਚ ਗੋਬਰ ਸੁੱਟਣ ਕਾਰਨ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਅਤੇ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈਟੀਪੀ) ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋ ਰਹੀ ਹੈ। ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚ ਪਿਆ ਗੋਬਰ ਆਉਣ ਵਾਲੇ ਕੁਝ ਦਿਨਾਂ ਵਿੱਚ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਚੁੱਕਵਾ ਦਿੱਤਾ ਜਾਵੇਗਾ। ਨਿਗਮ ਨੇ ਡੇਅਰੀ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਇਸ ਤੋਂ ਬਾਅਦ ਜੇਕਰ ਕੋਈ ਵਿਅਕਤੀ ਗਲੀਆਂ, ਸੀਵਰੇਜ ਲਾਈਨਾਂ ਜਾਂ ਬੁੱਢੇ ਦਰਿਆ ਵਿੱਚ ਗੋਬਰ ਸੁੱਟਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੰਤ ਬਲਬੀਰ ਸਿੰਘ ਸੀਚੇਵਾਲ, ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਭੋਲਾ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਵਚਨਬੱਧ ਹੈ। ਸਰਕਾਰ ਜਾਂ ਪ੍ਰਸ਼ਾਸਨ ਡੇਅਰੀ ਮਾਲਕਾਂ ਦੇ ਵਿਰੁੱਧ ਨਹੀਂ ਹੈ ਅਤੇ ਲੋਕਾਂ ਦੀ ਸਹੂਲਤ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਪਰ ਬੁੱਢੇ ਦਰਿਆ ’ਚ ਪ੍ਰਦੂਸ਼ਣ ਘਟਾਉਣ ਲਈ ਡੇਅਰੀ ਮਾਲਕਾਂ ਨੂੰ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਪਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਇਸ ਦੇ ਬਾਵਜੂਦ ਕੋਈ ਵਿਅਕਤੀ ਬੁੱਢੇ ਦਰਿਆ ਜਾਂ ਸੀਵਰੇਜ ਲਾਈਨਾਂ ਵਿੱਚ ਗੋਬਰ ਸੁੱਟਦਾ ਫੜਿਆ ਗਿਆ ਤਾਂ ਸਬੰਧਤ ਅਧਿਕਾਰੀ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ।