- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੇਟ ਅਤੇ ਭਾਸ਼ਣ ਬਾਰੇ ਅੰਤਰ ਕਾਲਜ ਮੁਕਾਬਲੇ ਕਰਵਾਏ

-ਡਾ. ਸੁਰਜੀਤ ਪਾਤਰ ਚੇਅਰ ਤੇ ਯੂਨੀਵਰਸਿਟੀ ਸਪੀਕਰ ਫੋਰਮ ਦਾ ਉਪਰਾਲਾ
27
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ’ਚ ਸਥਾਪਿਤ ਡਾ. ਸੁਰਜੀਤ ਪਾਤਰ ਚੇਅਰ ਤੇ ਯੂਨੀਵਰਸਿਟੀ ਸਪੀਕਰ ਫੋਰਮ ਵੱਲੋਂ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਡੀਬੇਟ ਤੇ ਭਾਸ਼ਣ ਬਾਰੇ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ। ਇਸ ’ਚ ਪੀਏਯੂ ਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਿਰਸਿਟੀ ਦੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਆਈਏਐੱਸ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਆਪਣੀ ਹਾਜ਼ਰੀ ਨਾਲ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਸਹਿ ਸਰਗਰਮੀਆਂ ਦਾ ਰੁਝਾਨ ਸ਼ਖ਼ਸੀਅਤ ਦੇ ਚੌਤਰਫਾ ਵਿਕਾਸ ਦਾ ਹਿੱਸਾ ਹੁੰਦਾ ਹੈ। ਉਨਾਂ ਚਲੰਤ ਮਸਲਿਆਂ ਬਾਰੇ ਵਿਦਿਆਰਥੀਆਂ ਦੀ ਸਮਝ ਨੂੰ ਇੰਨਾਂ ਮੁਕਾਬਲਿਆਂ ਰਾਹੀਂ ਸਾਕਾਰ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਉਨਾਂ ਕਿਹਾ ਕਿ ਇਹ ਮੁਕਾਬਲੇ ਕਿਸੇ ਮਸਲੇ ਬਾਰੇ ਵਿਦਿਆਰਥੀ ਦੀ ਨੀਝ ਦਾ ਪ੍ਰਗਟਾਵਾ ਕਰਦੇ ਹਨ। ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਨੇ ਇਨ੍ਹਾਂ ਮੁਕਾਬਲਿਆਂ ਨੂੰ ਸੰਚਾਰ ਦੇ ਨਾਲ-ਨਾਲ ਮੁਕਾਬਲੇਬਾਜ਼ਾਂ ਦੀ ਸੂਝ ਤੇ ਸੋਚ ਦਾ ਪ੍ਰਗਟਾਵਾ ਕਰਨ ਵਾਲੀ ਗਤੀਵਿਧੀ ਆਖਿਆ। ਉਨ੍ਹਾਂ ਅਹਿਦ ਕੀਤਾ ਕਿ ਅਜਿਹੇ ਮੁਕਾਬਲੇ ਭਵਿੱਖ ’ਚ ਕੀਤੇ ਜਾਂਦੇ ਰਹਿਣਗੇ। ਮੁਕਾਬਲਿਆਂ ਦੌਰਾਨ ਡਾ. ਮੋਨਿਤਾ ਧੀਮਾਨ, ਡਾ. ਕਮਲਦੀਪ ਸਿੰਘ ਤੇ ਡਾ. ਹਰਬਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਡੀਬੇਟ ਮੁਕਾਬਲਿਆਂ ’ਚ ਬਾਗਬਾਨੀ ਕਾਲਜ ਦੇ ਅਰਮਾਨ ਸੂਦ ਅਤੇ ਸਰਗੁਨ ਗਿੰਦਰਾ ਪਹਿਲੇ ਸਥਾਨ ਤੇ ਰਹੇ। ਪਸ਼ੂ ਬਾਇਓਤਕਨਾਲੋਜੀ ਕਾਲਜ ਦੇ ਖੁਸ਼ਹਾਲ ਬੱਤਰਾ ਅਤੇ ਸ਼ਰੂਤੀ ਰੱਲ੍ਹਣ ਦੂਸਰੇ ਸਥਾਨ ’ਤੇ ਅਤੇ ਪੀਏਯੂ ਦੇ ਖੇਤੀਬਾੜੀ ਕਾਲਜ ਦੇ ਰਸਮੀਨ ਕੌਰ ਤੇ ਭਵਿਆ ਕੁਮਾਰ ਨਾਲ ਖੇਤੀ ਇੰਜਨੀਅਰਿੰਗ ਕਾਲਜ ਦੇ ਅਨਮੋਲਪ੍ਰੀਤ ਕੌਰ ਤੇ ਪਾਇਲ ਗੁਪਤਾ ਨੂੰ ਸਾਂਝੇ ਰੂਪ ’ਚ ਤੀਜਾ ਸਥਾਨ ਮਿਲਿਆ। ਨਿੱਜੀ ਬੁਲਾਰਿਆਂ ’ਚ ਅਰਮਾਨ ਸੂਦ ਪਹਿਲੇ, ਸ਼ਰੂਤੀ ਰੱਲ੍ਹਣ ਦੂਜੇ ਤੇ ਮੰਨਤਬੀਰ ਕੌਰ ਤੀਜੇ ਸਥਾਨ ’ਤੇ ਰਹੇ। ਭਾਸ਼ਣ ਮੁਕਾਬਲਿਆਂ ’ਚ ਪਸ਼ੂ ਬਾਇਓਤਕਨਾਲੋਜੀ ਕਾਲਜ ਦੀ ਮੇਹਰਪ੍ਰੀਤ ਕੌਰ ਅੱਵਲ ਰਹੀ। ਬੇਸਿਕ ਸਾਇੰਸਜ਼ ਕਾਲਜ ਦੀ ਤਸ਼ਮੀਨ ਕੌਰ ਦੂਜੇ ਤੇ ਵੈਟਰਨਰੀ ਸਾਇੰਸ ਕਾਲਜ ਦੀ ਦਰਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਪੀਏਯੂ ਦੇ ਅਧਿਆਪਕ ਤੇ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।