- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੀ ਮੰਗ ਨੂੰ ਪਿਆ ਬੂਰ

-ਬਿਜਲੀ ਫੀਡਰਾਂ ਦਾ ਓਪਰੇਸ਼ਨ ਤੇ ਮੇਨਟੀਨੈਂਸ ਮੁੜ ਗਿਆਸਪੁਰਾ ਡਿਵੀਜ਼ਨ ਅਧੀਨ ਆਇਆ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਉਦਯੋਗਿਕ ਇਲਾਕਿਆਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਪਾਵਰਕਾਮ ਦੇ ਉੱਚ ਅਧਿਕਾਰੀਆਂ ਕੋਲ ਕੀਤੀ ਜਾ ਰਹੀ ਮੰਗ ਨੂੰ ਬੂਰ ਪਿਆ ਹੈ। ਪਾਵਰਕਾਮ ਵੱਲੋਂ ਇਲਾਕੇ ਦੇ ਬਿਜਲੀ ਫੀਡਰਾਂ ਦਾ ਓਪਰੇਸ਼ਨ ਅਤੇ ਮੇਨਟੀਨੈਂਸ ਮੁੜ ਗਿਆਸਪੁਰਾ ਡਿਵੀਜ਼ਨ ਅਧੀਨ ਕਰ ਦਿੱਤਾ ਗਿਆ ਹੈ। ਐਸੋਸੀਏਸ਼ਨ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਬਿਜਲੀ ਫੀਡਰ ਪਹਿਲਾਂ ਗਿਆਸਪੁਰਾ ਡਿਵੀਜ਼ਨ ਅਧੀਨ ਸਨ, ਪਰ ਬਾਅਦ ਵਿੱਚ ਢੋਲੇਵਾਲ ਸਬ-ਡਿਵੀਜ਼ਨ ਅਧੀਨ ਕਰ ਦਿੱਤੇ ਗਏ ਸਨ, ਉਨ੍ਹਾਂ ਨੂੰ ਮੁੜ ਗਿਆਸਪੁਰਾ ਡਿਵੀਜ਼ਨ ਅਧੀਨ ਲਿਆਂਦਾ ਜਾਵੇ। ਪਾਵਰਕਾਮ ਵੱਲੋਂ ਮੰਗ ਪ੍ਰਵਾਨ ਕੀਤੇ ਜਾਣ ਉਪਰੰਤ ਐਸੋਸੀਏਸ਼ਨ ਦੇ ਵਫ਼ਦ ਨੇ ਐਕਸੀਅਨ ਗੁਰਮਨਪ੍ਰੀਤ ਸਿੰਘ ਸੋਮਲ ਤੇ ਐੱਸਡੀਓ ਅਮਿਤ ਯਾਦਵ ਨਾਲ ਮੁਲਾਕਾਤ ਕਰ ਕੇ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ ਨੇ ਕਿਹਾ ਕਿ ਫੀਡਰਾਂ ਦਾ ਓਪਰੇਸ਼ਨ ਤੇ ਮੈਂਟੀਨੈਂਸ ਦਫ਼ਤਰ ਦੂਰ ਹੋਣ ਕਾਰਨ ਸਨਅਤੀ ਇਕਾਈਆਂ ਨੂੰ ਬਿਜਲੀ ਦੇ ਫਾਲਟ ਦੀ ਸੂਰਤ ’ਚ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਫੀਡਰ ਵਿੱਚ ਖਰਾਬੀ ਆਉਣ ’ਤੇ ਬਿਜਲੀ ਸਪਲਾਈ ਬਹਾਲ ਹੋਣ ’ਚ ਵੀ ਸਮਾਂ ਲੱਗਦਾ ਸੀ, ਜਿਸ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਣ ਦੇ ਨਾਲ ਉਦਯੋਗਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈਂਦਾ ਸੀ। ਸਨਅਤਕਾਰਾਂ ਅਨੁਸਾਰ ਇਹ ਫੀਡਰ ਤਕਨੀਕੀ ਤੌਰ ’ਤੇ ਗਿਆਸਪੁਰਾ ਦੇ ਪਾਵਰ ਡਿਸਟ੍ਰੀਬਿਊਸ਼ਨ ਨੈੱਟਵਰਕ ਨਾਲ ਜੁੜੇ ਹੋਏ ਹਨ। ਹੁਣ ਅਪ੍ਰੇਸ਼ਨ ਤੇ ਮੇਨਟੀਨੈਂਸ ਦੀ ਜ਼ਿੰਮੇਵਾਰੀ ਮੁੜ ਗਿਆਸਪੁਰਾ ਡਿਵੀਜ਼ਨ ਨੂੰ ਮਿਲਣ ਨਾਲ ਫਾਲਟ ਰਿਸਪਾਂਸ ਸਮਾਂ ਘਟਣ ਤੇ ਬਿਜਲੀ ਸਪਲਾਈ ਜਲਦੀ ਬਹਾਲ ਹੋਣ ਦੀ ਉਮੀਦ ਹੈ। ਇਸ ਨਾਲ ਉਦਯੋਗਿਕ ਇਕਾਈਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।ਇਸ ਮੌਕੇ ਵਫ਼ਦ ਵਿੱਚ ਪਰਮਦੀਪ ਸਿੰਘ ਪੰਮਾ ਸੋਹਲ, ਦੀਦਾਰ ਸਿੰਘ, ਕੁਲਬੀਰ ਸਿੰਘ ਕਲੇਰ, ਜਸਵਿੰਦਰ ਸਿੰਘ ਖੁਰਲ, ਦੀਪਕ ਸਿੰਘ ਸੌਂਦ, ਹਰਪ੍ਰੀਤ ਸਿੰਘ ਅਤੇ ਪੁਨੀਤ ਸਿੰਘ ਮਣਕੂ ਸਮੇਤ ਹੋਰ ਉਦਯੋਗਪਤੀ ਮੌਜੂਦ ਸਨ।