- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਮਹਾਂ ਰੈਲੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਹੋਏ ਪੱਬਾਂ ਭਾਰ

-21-22 ਅਕਤੂਬਰ ਨੂੰ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਦੀ ਜਿਲਾ ਪੱਧਰੀ ਅਹਿਮ ਮੀਟਿੰਗ ਹੋਈ।ਇਸ ਮੌਕੇ ਕੇਵਲ ਸਿੰਘ ਬਨਵੈਤ, ਸੁਖਵਿੰਦਰ ਸਿੰਘ ਲੀਲ੍ਹ, ਗੁਰਮੇਲ ਸਿੰਘ ਮੈਲਡੇ, ਸੁਸੀਲ ਕੁਮਾਰ ਅਤੇ ਦੇਵ ਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਲਈ ਚਾਲ ਚੱਲੀ ਸੀ ,ਜਿਸਦੀ ਮੀਟਿੰਗ 'ਚ ਨਿਖੇਧੀ ਕੀਤੀ ਗਈ, ਨਾਲ ਹੀ ਜੋ ਡੀਏ ਦਾ ਪੱਤਰ ਜਾਰੀ ਕੀਤਾ ਗਿਆ ਸੀ, ਉਸ ਬਾਰੇ ਸਰਕਾਰ ਨੂੰ ਹਾਈ ਕੋਰਟ ਦੇ ਹੁਕਮ ਅਨੁਸਾਰ ਡੀਏ ਜਾਰੀ ਕਰਨ ਲਈ ਪੱਤਰ ਲਿਖਿਆ ਜਾਵੇਗਾ ਕਿਉਂਕਿ ਜਥੇਬੰਦੀ ਦੀ ਮੰਗ ਡੀਏ ਨਹੀਂ ਸੀ ਕਿਉਂਕਿ ਇਹ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹਾਈ ਕੋਰਟ ਵੱਲੋਂ ਡੀਏ ਦੇਣ ਦੇ ਆਦੇਸ਼ ਹੋਏ ਹੀ ਹਨ।
ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਨ੍ਹਾਂ ’ਚ 15/01/2015 ਤੇ 17/07/2020 ਦਾ ਪੱਤਰ ਰੱਦ ਕਰਵਾਉਣਾ , ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪੈਨਸ਼ਨਰਾਂ ਲਈ 2.59 ਗੁਣਾਂਕ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਿਡ ਡੇ ਮੀਲ ਆਸ਼ਾ ਆਂਗਨਵਾੜੀ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣਾ, ਏਸੀਪੀ ਸਕੀਮ ਲਾਗੂ ਕਰਨਾ, ਬੰਦ ਕੀਤੇ ਭੱਤੇ ਬਹਾਲ ਕਰਨਾ ਆਦਿ ਮੰਗਾਂ ਸ਼ਾਮਲ ਹਨ, ਨੂੰ ਮਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਅਨੁਸਾਰ 10 ਅਕਤੂਬਰ ਨੂੰ ਸੰਗਰੂਰ ਵਿੱਚ ਕੀਤੀ ਜਾ ਰਹੀ ਮਹਾਰੈਲੀ ਨੂੰ ਸਫਲ ਬਣਾਉਣ ਲਈ ਸੂਬੇ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਪੱਬਾਂ ਭਾਰ ਹੋਏ ਫਿਰਦੇ ਹਨ, ਸੂਬੇ ਦੀਆਂ 200-250 ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰਜ਼ ਜਥੇਬੰਦੀਆਂ ਇਸ ਰੈਲੀ 'ਚ ਸ਼ਮੂਲੀਅਤ ਕਰਨਗੀਆਂ। ਆਗੂਆਂ ਅਨੁਸਾਰ ਸੂਬੇ ਦੇ ਸਮੂਹ ਮੁਲਾਜ਼ਮ 21 ਤੇ 22 ਅਕਤੂਬਰ ਨੂੰ ਦੋ ਦਿਨ ਦੀ ਸਮੂਹਿਕ ਛੁੱਟੀ 'ਤੇ ਜਾ ਕੇ ਆਪਣੇ ਪਿਛਲੇ ਰਿਕਾਰਡ ਤੋੜਨਗੇ। ਆਗੂਆਂ ਨੇ ਕਿਹਾ ਕਿ ਮੰਚ/ਫਰੰਟ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਭਵਿੱਖ ’ਚ ਲੱਡੂ ਬਰਫੀ ਖਾਣੀ ਤਾਂ ਬਹੁਤ ਦੂਰ ਦੀ ਗੱਲ ਬਿਨਾਂ ਕੁਝ ਪ੍ਰਾਪਤ ਕੀਤੇ ਮੀਟਿੰਗ ’ਚ ਸਰਕਾਰ ਦਾ ਪਾਣੀ ਤੱਕ ਨਹੀਂ ਪੀਣਗੇ। ਆਗੂਆਂ ਅਨੁਸਾਰ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਆਖੀ ਹੈ, ਜੋ ਕਿ ਬਿਲਕੁਲ ਕਬੂਲ ਨਹੀਂ, ਕਿਉਂਕਿ ਇਸ ਸਬੰਧੀ ਸਰਕਾਰ ਵੱਲੋਂ ਕੱਢੇ ਗਏ ਨੋਟੀਫ਼ਿਕੇਸ਼ਨ ਮੁਤਾਬਕ ਪੱਕੇ ਕੀਤੇ ਮੁਲਾਜ਼ਮਾਂ ਉੱਤੇ ਕੋਈ ਸਿਵਿਲ ਸਰਵਿਸਜ਼ ਦੇ ਨਿਯਮ ਲਾਗੂ ਨਹੀਂ ਹੋਣਗੇ, ਨਾ ਉਨ੍ਹਾਂ ਨੂੰ ਪੈਨਸ਼ਨ ਮਿਲੇਗੀ ਤੇ ਉਨ੍ਹਾਂ ਨੂੰ ਕੇਵਲ ਬੱਝਵੀਂ ਤਨਖ਼ਾਹ ਹੀ ਮਿਲੇਗੀ, ਜਿਸ ਕਾਰਨ ਜਥੇਬੰਦੀ ਇਸ ਫ਼ੈਸਲੇ ਦੇ ਵਿਰੁੱਧ ਹੈ।ਇਸ ਮੌਕੇ ਪੈਨਸ਼ਨਰ ਆਗੂ ਨਿਰਮਲ ਸਿੰਘ ਲਲਤੋਂ,ਰਾਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਲਾਢੋਵਾਲ ਆਦਿ ਪੈਨਸ਼ਨਰ/ਮੁਲਾਜ਼ਮ ਆਗੂ ਹਾਜ਼ਰ ਸਨ।