- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਕੈਂਪਸ ’ਚ ਸਾਰਸ ਮੇਲਾ ਲਾਉਣ ਦਾ ਵਿਰੋਧ

-ਵਿਦਿਆਰਥੀ, ਅਧਿਆਪਕ ਤੇ ਸਟਾਫ਼ ਜਥੇਬੰਦੀਆਂ ਇਕਜੁੱਟ
-ਵਾਈਸ-ਚਾਂਸਲਰ ਨੂੰ ਮੈਮੋਰੈਂਡਮ ਦੇਣ ਦੇ ਬਾਵਜੂਦ ਚੱਲ ਰਹੀਆਂ ਤਿਆਰੀਆਂ ’ਤੇ ਪ੍ਰਗਟਾਈ ਚਿੰਤਾ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
29 ਅਕਤੂਬਰ ਤੋਂ 5 ਨਵੰਬਰ ਤੱਕ ਪੀਏਯੂ ਦੇ ਗਰਾਉਂਡ ’ਚ ਲਾਏ ਜਾਣ ਵਾਲੇ ਸਾਰਸ ਮੇਲੇ ਦੇ ਵਿਰੋਧ ਨੂੰ ਲੈ ਕੇ ਸੋਮਵਾਰ ਨੂੰ ਪੀਏਯੂ ਸਟੂਡੈਂਟ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੀਏਯੂ ਟੀਚਰਜ਼ ਐਸੋਸੀਏਸ਼ਨ ਨਾਨ-ਟੀਚਿੰਗ ਸਟਾਫ ਐਸੋ ਤੇ ਪੀਏਯੂ ਅਲੂਮਨੀ ਐਸੋ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਸਾਰਸ ਮੇਲੇ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਦਿਆਰਥੀਆਂ ਵੱਲੋਂ ਇਸ ਮਾਮਲੇ ਸਬੰਧੀ ਪੀਏਯੂ ਦੇ ਵਾਈਸ-ਚਾਂਸਲਰ ਨੂੰ ਮੈਮੋਰੈਂਡਮ ਵੀ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਮੇਲੇ ਦੀਆਂ ਤਿਆਰੀਆਂ ਜਾਰੀ ਰਹਿਣ ’ਤੇ ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਚਿੰਤਾ ਪ੍ਰਗਟਾਈ ਗਈ। ਮੀਟਿੰਗ ਦੌਰਾਨ ਪੀਏਯੂ ਸਟੂਡੈਂਟ ਐਸੋ. ਅਤੇ ਵੱਖ-ਵੱਖ ਜਥੇਬੰਦੀਆਂ ਨੇ ਪੀਏਯੂ ਕੈਂਪਸ ਵਿੱਚ ਸਾਰਸ ਮੇਲਾ ਲਗਾਉਣ ਦੇ ਫੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੈਂਪਸ ਵਿੱਚ ਇਹ ਮੇਲਾ ਨਹੀਂ ਲੱਗਣ ਦਿੱਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਇਹ ਮੇਲਾ ਪੀਏਯੂ ’ਚ ਨਾ ਲਾਇਆ ਜਾਵੇ। ਜਥੇਬੰਦੀਆਂ ਨੇ ਕਿਹਾ ਕਿ ਪੀਏਯੂ ਇੱਕ ਪ੍ਰਮੁੱਖ ਅਕਾਦਮਿਕ ਸੰਸਥਾ ਹੈ ਅਤੇ ਯੂਨੀਵਰਸਿਟੀ ਕੈਂਪਸ ਦੀ ਪਹਿਲੀ ਤਰਜੀਹ ਵਿਦਿਆਰਥੀਆਂ, ਸਿੱਖਿਆ, ਖੋਜ ਅਤੇ ਅਕਾਦਮਿਕ ਸਰਗਰਮੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵਿਰੋਧ ਕਿਸੇ ਵਿਅਕਤੀ ਜਾਂ ਸੰਸਥਾ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਪੀਏਯੂ ਕੈਂਪਸ ਵਿੱਚ ਸਾਰਸ ਮੇਲਾ ਲਾਉਣ ਦੇ ਫੈਸਲੇ ਦੇ ਵਿਰੁੱਧ ਹੈ। ਮੀਟਿੰਗ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਦਿਆਰਥੀਆਂ ਦੀ ਮੰਗ ਨੂੰ ਹਮਾਇਤ ਦਿੱਤੀ। ਜਥੇਬੰਦੀਆਂ ਨੇ ਕਿਹਾ ਕਿ ਇਸ ਮੁੱਦੇ ’ਤੇ ਵਿਦਿਆਰਥੀ, ਅਧਿਆਪਕ ਤੇ ਨਾਨ-ਟੀਚਿੰਗ ਸਟਾਫ਼ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨਗੇ। ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਪਛਾਣ ਸਿੱਖਿਆ ਤੇ ਖੋਜ ਨਾਲ ਜੁੜੀ ਹੋਈ ਹੈ ਅਤੇ ਇਸ ਅਕਾਦਮਿਕ ਪਹਿਚਾਣ ਦੀ ਰੱਖਿਆ ਲਈ ਸਾਰੀਆਂ ਜਥੇਬੰਦੀਆਂ ਇਕਜੁੱਟ ਹਨ।