- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ’ਚ ਬਾਵਾ ਨੇ ਕੀਤੀਆਂ 11 ਨੁੱਕੜ ਮੀਟਿੰਗਾਂ

-ਵਿਧਾਨ ਸਭਾ ਹਲਕਾ ਦੱਖਣੀ ’ਚ ਬਾਵਾ ਵੱਲੋਂ 11 ਥਾਈਂ ਨੁੱਕੜ ਮੀਟਿੰਗਾਂ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸੀਨੀਅਰ ਕਾਂਗਰਸੀ ਆਗੂ ਅਤੇ ਏਆਈਸੀਸੀ (ਓਬੀਸੀ) ਦੇ ਕੋਆਰਡੀਨੇਟਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਬਾਵਾ ਨੇ ਸੋਮਵਾਰ ਨੂੰ ਹਲਕਾ ਲੁਧਿਆਣਾ ਦੱਖਣੀ ਵਿੱਚ 11 ਨੁੱਕੜ ਮੀਟਿੰਗਾਂ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਲੋਕਾਂ ਨੇ ਪੀਣ ਵਾਲੇ ਸਾਫ ਪਾਣੀ, ਪਾਣੀ ਦੀ ਨਿਕਾਸੀ, ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਅਤੇ ਕਾਨੂੰਨ ਵਿਵਸਥਾ ਨਾਲ ਸਬੰਧਤ ਮੁੱਦੇ ਉਠਾਏ। ਬਾਵਾ ਨੇ ਕਿਹਾ ਕਿ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨਾਲ ਮੁਲਾਕਾਤ ਦੌਰਾਨ ਬੁਨਿਆਦੀ ਸਹੂਲਤਾਂ ਦੀ ਘਾਟ ਸਬੰਧੀ ਸ਼ਿਕਾਇਤਾਂ ਸਾਹਮਣੇ ਆਈਆਂ ਹਨ।
ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਸੁਧਾਰ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਦੱਖਣੀ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਹੈ ਅਤੇ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਹੈ। ਕਾਂਗਰਸ ਸ਼ਾਂਤੀ, ਵਿਕਾਸ ਤੇ ਖੁਸ਼ਹਾਲੀ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾਵੇਗੀ। ਬਾਵਾ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਇਸ ਮੌਕੇ ਬਾਵਾ ਨੇ ਅਮਿਤ ਕੁਮਾਰ, ਕਪਿਲ ਸ਼ਰਮਾ, ਸ਼ਿਵ ਕੁਮਾਰ, ਰਾਮ ਚੰਦਰ ਸਾਹਨੀ, ਹਰਪਾਲ ਸਿੰਘ ਸੈਣੀ, ਕਰਨਲ ਪਰਮਜੀਤ ਸਿੰਘ, ਸੂਬੇਦਾਰ ਮੋਹਨ ਸਿੰਘ, ਗੋਪਾਲ, ਜਗਜੀਤ, ਜਗਤ ਨਰਾਇਣ ਬੱਗਾ, ਬਲਜੀਤ ਮਾਲੜਾ ਅਤੇ ਪਵਨ ਸ਼ੁਕਲਾ ਸਮੇਤ ਕਈ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।
ਇਸ ਦੌਰਾਨ ਬਾਵਾ ਨੇ ਲੋਕਾਂ ਨੂੰ ਇਤਿਹਾਸਕ ਪੁਸਤਕ ‘ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ’ ਵੀ ਸਤਿਕਾਰ ਸਹਿਤ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਕੁੱਝ ਕਾਂਗਰਸੀ ਆਗੂ ਅਤੇ ਵਰਕਰ ਪਿਛਲੇ ਸਮੇਂ ਤੋਂ ਘਰਾਂ ਤੱਕ ਸੀਮਤ ਹੋ ਗਏ ਸਨ, ਪਰ ਹੁਣ ਉਹ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਹੋ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਲੋਕਾਂ ਦੇ ਮੁੱਦੇ ਉਠਾਉਣ ਅਤੇ ਰੁਜ਼ਗਾਰ ਤੇ ਵਿਕਾਸ ਨਾਲ ਸਬੰਧਤ ਮਸਲਿਆਂ ਲਈ ਕੰਮ ਕਰਨਗੇ।--