- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਮਧਾਰੀ ਪੰਥ ਦੀਆਂ ਪੰਜ ਜਗਤ ਮਾਤਾਵਾਂ ਦੀ ਯਾਦ ‘ਚ ਸਮਾਗਮ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਨਾਮਧਾਰੀ ਮੁਖੀ ਸਤਿਗੁਰ ਉਦੈ ਸਿੰਘ ਦੀ ਹਜ਼ੂਰੀ ਵਿੱਚ ਨਾਮਧਾਰੀ ਪੰਥ ਦੀਆਂ ਪੰਜ ਜਗਤ ਮਾਤਾਵਾਂ ਜਿਨ੍ਹਾਂ ਵਿੱਚ ਮਾਤਾ ਜੀਵਨ ਕੌਰ,ਮਾਤਾ ਫ਼ਤਿਹ ਕੌਰ, ਮਾਤਾ ਭੁਪਿੰਦਰ ਕੌਰ, ਮਾਤਾ ਚੰਦ ਕੌਰ ਅਤੇ ਮਾਤਾ ਦਲੀਪ ਕੌਰ ਸ਼ਾਮਲ ਸਨ, ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਤ ਨੇ ਹਾਜ਼ਰੀ ਭਰੀ ਅਤੇ ਨਤਮਸਤਕ ਹੋਈਆਂ। ਇਸ ਮੌਕੇ ਡਾ. ਗੁਰਲਾਲ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਤਿਗੁਰ ਹਰੀ ਸਿੰਘ ਦੇ ਮਹਿਲ ਤੇ ਸਤਿਗੁਰ ਪ੍ਰਤਾਪ ਸਿੰਘ ਦੇ ਮਾਤਾ ਜੀਵਨ ਕੌਰ ਸੇਵਾ ਦੀ ਮੂਰਤ ਸਨ, ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਖੀਵੀ ਕਹਿ ਕੇ ਵੀ ਬੁਲਾਇਆ ਜਾਂਦਾ ਸੀ। ਮਾਤਾ ਫ਼ਤਿਹ ਕੌਰ ਹਮੇਸ਼ਾ ਨਾਮ ਸਿਮਰਨ ’ਚ ਲੀਨ ਰਹਿੰਦੇ ਸਨ। ਸੰਤ ਨਿਸ਼ਾਨ ਸਿੰਘ ਨੇ ਸਤਿਗੁਰ ਜਗਜੀਤ ਸਿੰਘ ਦੇ ਮਾਤਾ ਭੁਪਿੰਦਰ ਕੌਰ ਦੀ ਸ਼ਖ਼ਸੀਅਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਜਦਕਿ ਹਰਪਾਲ ਸਿੰਘ ਨੇ ਸਤਿਗੁਰ ਜਗਜੀਤ ਸਿੰਘ ਦੇ ਮਹਿਲ ਮਾਤਾ ਚੰਦ ਕੌਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਹਮੇਸ਼ਾ ਸਿਮਰਨ ਕਰਦਿਆਂ ਸਾਧ ਸੰਗਤ ਦੀ ਸੇਵਾ ’ਚ ਲੱਗੇ ਰਹਿੰਦੇ ਸਨ। ਮੌਜੂਦਾ ਸਤਿਗੁਰ ਉਦੈ ਸਿੰਘ ਦੇ ਮਾਤਾ ਦਲੀਪ ਕੌਰ ਨੇ ਜੀਵਨ ਨਗਰ ਇਲਾਕੇ ਦੀ ਕਾਇਆ ਕਲਪ ਕਰਨ ਲਈ ਜੋ ਉਪਰਾਲਾ ਕੀਤਾ,ਨੂੰ ਵਰਨਣ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਰਾਗੀ ਹਰਬੰਸ ਸਿੰਘ ਘੁੱਲਾ ਦੇ ਕੀਰਤਨੀ ਜੱਥੇ ਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਰਬੱਤ ਦੇ ਭਲੇ ਲਈ ਲਈ ਪੰਜ ਸਹਿਜ ਪਾਠਾਂ ਦੇ ਭੋਗ ਪਾਏ, ਜਦਕਿ ਵਿਸ਼ਵ ਸ਼ਾਂਤੀ ਲਈ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ। ਇਸ ਮੌਕੇ ਮਾਤਾ ਗੁਰਸ਼ਰਨ ਕੌਰ,ਸੇਵਕ ਕਰਤਾਰ ਸਿੰਘ,ਸੇਵਕ ਆਸਾ ਸਿੰਘ ਮਾਨ ਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਵੀ ਮੌਜੂਦ ਸਨ।