- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਕਿਊਆਰ ਕੋਡ ਰਾਹੀਂ ਸਿੱਧੀ ਵਿਧਾਇਕ ਤੱਕ ਪਹੁੰਚੇਗੀ ਲੋਕਾਂ ਦੀ ਆਵਾਜ਼

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਦੱਖਣੀ ਹਲਕੇ ਦੀ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸਿੱਧੀਆਂ ਉਨ੍ਹਾਂ ਤੱਕ ਪਹੁੰਚਾਉਣ ਲਈ ਕਿਊਆਰ ਕੋਡ ਆਧਾਰਿਤ ਨਵੀਂ ਵਿਵਸਥਾ ਸ਼ੁਰੂ ਕੀਤੀ ਹੈ। ਵਿਧਾਇਕ ਛੀਨਾ ਨੇ ਦੱਸਿਆ ਕਿ ਪਹਿਲਾਂ ਲੋਕ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਆਪਣੀਆਂ ਸਮੱਸਿਆਵਾਂ ਉਨ੍ਹਾਂ ਤੱਕ ਪਹੁੰਚਾਉਂਦੇ ਸਨ, ਪਰ ਕਈ ਵਾਰ ਅਧੂਰਾ ਪਤਾ ਜਾਂ ਲੋੜੀਂਦੀ ਜਾਣਕਾਰੀ ਨਾ ਹੋਣ ਕਾਰਨ ਸ਼ਿਕਾਇਤ ’ਤੇ ਕਾਰਵਾਈ ਕਰਨਾ ਮੁਸ਼ਕਲ ਹੋ ਜਾਂਦਾ ਸੀ। ਹੁਣ ਦੱਖਣੀ ਹਲਕੇ ਦੇ ਲੋਕ ਕਿਊਆਰ ਕੋਡ ਸਕੈਨ ਕਰਕੇ ਆਪਣੀ ਸ਼ਿਕਾਇਤ ਸਿੱਧੀ ਦਰਜ ਕਰਵਾ ਸਕਣਗੇ ਅਤੇ ਸਮੱਸਿਆ ਦੇ ਹੱਲ ਲਈ ਮੁੱਢਲੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਵਿਕਾਸ ਤੇ ਕਾਨੂੰਨ-ਵਿਵਸਥਾ ਨੂੰ ਪਹਿਲ, ਵਿਰੋਧੀ ਧਿਰਾਂ ਨੂੰ ਦਿਸ਼ਾਹੀਣ ਦੱਸਦਿਆਂ ਵਿਧਾਇਕ ਛੀਨਾ ਨੇ ਹਲਕੇ ਦੇ ਵਿਕਾਸ ਤੇ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਲਈ ਨਾ ਕੋਈ ਸਪੱਸ਼ਟ ਦਿਸ਼ਾ ਹੈ, ਨਾ ਠੋਸ ਏਜੰਡਾ ਤੇ ਨਾ ਹੀ ਵਿਕਾਸ ਸਬੰਧੀ ਕੋਈ ਸਪੱਸ਼ਟ ਯੋਜਨਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਰਫ਼ ਸਿਆਸੀ ਵਾਅਦਿਆਂ ਦੀ ਬਜਾਏ ਇਹ ਦੇਖਣਾ ਚਾਹੀਦਾ ਹੈ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੌਣ ਕੰਮ ਕਰ ਰਿਹਾ ਹੈ। ਰਾਜਿੰਦਰ ਪਾਲ ਕੌਰ ਛੀਨਾ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਹੋਰ ਸਿਆਸੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਪ੍ਰਭਾਵਿਤ ਹੋ ਕੇ ਗੁੰਮਰਾਹ ਨਹੀਂ ਹੋਣਾ ਚਾਹੀਦਾ। ਦੱਖਣੀ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਿੱਧੇ ਤੌਰ ’ਤੇ ਸੁਣਨਾ ਉਨ੍ਹਾਂ ਦੀ ਤਰਜੀਹ ਹੈ। ਕਿਊਆਰ ਕੋਡ ਦੀ ਇਹ ਵਿਵਸਥਾ ਲੋਕਾਂ ਅਤੇ ਵਿਧਾਇਕ ਵਿਚਕਾਰ ਸਿੱਧਾ ਸੰਪਰਕ ਹੋਰ ਸੌਖਾ ਬਣਾਉਣ ਵੱਲ ਇਕ ਕਦਮ ਹੈ।